ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਧਾਲੀਵਾਲ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਮੁਹਾਲੀ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਖੇਤੀਬਾੜੀ ਅਫ਼ਸਰ ਡਾ. ਹਰਸੰਗੀਤ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਡੇਰਾਬੱਸੀ ਦੇ ਪਿੰਡ ਚੰਡਿਆਲਾ ਵਿਖੇ ਪਰਾਲੀ ਦੀ ਸਾਂਭ ਸੰਭਾਲ ਅਤੇ ਹਾੜੀ ਦੀਆਂ ਫ਼ਸਲਾਂ ਸੰਬਧੀ ਕੈਂਪ ਲਾਇਆ ਗਿਆ।

ਇਸ ਕੈਂਪ 'ਚ ਖੇਤੀਬਾੜੀ ਵਿਕਾਸ ਅਫ਼ਸਰ ਡੇਰਾਬੱਸੀ ਡਾ. ਦਨਿਸ਼ ਕੁਮਾਰ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹੁਣ ਪਰਾਲੀ ਦੀ ਸਮੱਸਿਆ ਦਾ ਹੱਲ ਪਰਾਲੀ ਸਾੜਨਾ ਨਹੀਂ ਬਲਕਿ ਪਰਾਲੀ ਦੀਆਂ ਗੱਠਾਂ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਡੇਰਾਬੱਸੀ 'ਚ ਦੋ ਸੱਨਅਤਾਂ ਨਾਚੀਕੇਤਾ ਅਤੇ ਵਾਈਸੀਡੀ ਵੱਲੋਂ ਉਨ੍ਹਾਂ ਦੇ ਸਨਅਤਾਂ 'ਚ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਰਾਲੀ ਦੀਆਂ ਗੱਠਾਂ 'ਤੇ ਚੱਲਣ ਵਾਲਾ ਪਾਵਰ ਪਲਾਂਟ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਾਚੀਕੇਤਾ ਫੈਕਟਰੀ ਨੂੰ ਲਗਭਗ 4500 ਟਨ ਪਰਾਲੀ ਦੀ ਲੋੜ ਹਰ ਮਹੀਨੇ ਪਵੇਗੀ ਏਨੀ ਪਰਾਲੀ ਦੀ ਮੰਗ ਬਲਾਕ ਡੇਰਾਬੱਸੀ ਦੀ ਸਾਰੀ ਪਰਾਲੀ ਸਾਂਭ ਕੇ ਵੀ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਗੱਠਾਂ ਬਣਾਉਣ ਵਾਲੇ ਬਹੁਤ ਹੀ ਮਾਮੂਲੀ ਕੀਮਤ ਤੇ ਖੇਤ 'ਚੋਂ ਗੱਠਾਂ ਬਣਾ ਕੇ ਲੈ ਜਾਂਦੇ ਹਨ ਅਤੇ ਸਮੇਂ ਸਿਰ ਖੇਤ ਪੱਧਰਾ ਕਰਕੇ ਅਗਲੀ ਫ਼ਸਲ ਲਈ ਵਿਹਲਾ ਕਰ ਦਿੰਦੇ ਹਨ। ਜਿਨ੍ਹਾਂ ਕਿਸਾਨ ਵੀਰਾਂ ਨੇ ਕਣਕ ਬੀਜਣੀ ਹੈ ਉਨ੍ਹਾਂ ਨੂੰ ਸੁਪਰ ਸੀਡਰ ਵਰਤਣ 'ਚ ਵੱਧ ਫ਼ਾਇਦਾ ਹੈ। ਜਿਨ੍ਹਾਂ ਕਿਸਾਨ ਵੀਰਾਂ ਨੇ ਆਲੂ ਲਾਉਣੇ ਹਨ, ਉਨ੍ਹਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣਾ ਵਧੇਰੇ ਫ਼ਾਇਦੇ 'ਚ ਹੈ।

ਇਸ ਮੌਕੇ ਕੈਂਪ ਦੌਰਾਨ ਪੁਨੀਤ ਗੁਪਤਾ ਬੀਟੀਐੱਮ ਨੇ ਕਿਸਾਨ ਬੀਬੀਆਂ ਨੂੰ ਆਤਮਾ ਸਕੀਮ ਅਧੀਨ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਵੱਖ-ਵੱਖ ਟ੍ਰੇਨਿੰਗਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਇਸ ਕੈਂਪ ਦੌਰਾਨ ਇਲਾਕੇ ਦੇ ਵੈਟਨਰੀ ਅਫ਼ਸਰ ਨੇ ਵੀ ਕਿਸਾਨ ਵੀਰਾਂ ਨੂੰਹ ਪਸ਼ੂਆਂ 'ਚ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਕੈਂਪ ਦੌਰਾਨ ਮਦਨ ਲਾਲ ਏਐੱਸਆਈ ਸਮੇਤ ਅਨੇਕਾਂ ਕਿਸਾਨ ਭਰਾ ਅਤੇ ਬੀਬੀਆਂ ਮੌਜੂਦ ਸਨ।