ਜੇ ਐੱਸ ਕਲੇਰ, ਜ਼ੀਰਕਪੁਰ

ਬੀਤੇ ਦਿਨੀਂ ਜ਼ੀਰਕਪੁਰ-ਪਟਿਆਲਾ ਸੜਕ 'ਤੇ ਪਿੰਡ ਛੱਤ ਦੇ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ 'ਚ 5 ਵਿਅਕਤੀ ਫੱਟੜ ਹੋ ਗਏ ਸਨ। ਜਿਨ੍ਹਾਂ 'ਚੋਂ ਇਕ ਦੀ ਐਤਵਾਰ ਨੂੰ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਮਹਿੰਗਾ ਸਿੰਘ (50) ਪੁੱਤਰ ਗੁਰਬਚਨ ਸਿੰਘ ਵਾਸੀ ਰਾਜਪੁਰਾ ਦੇ ਤੌਰ 'ਤੇ ਹੋਈ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਸਵਿਫਟ ਕਾਰ ਦੇ ਚਾਲਕ ਦਾ ਬੱਸ ਨੂੰ ਓਵਰਟੇਕ ਕਰਦੇ ਹੋਏ ਸੰਤਲੁਨ ਵਿਗੜਨ ਕਰਕੇ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਤਿੰਨ ਪਲਟਿਆਂ ਖਾਂਦੇ ਹੋਏ ਦੂਜੇ ਪਾਸੇ ਪਟਿਆਲਾ ਸਾਈਡ ਤੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਨਾਲ ਟਕਰਾ ਗਈ। ਇਸ ਹਾਦਸੇ 'ਚ 5 ਵਿਅਕਤੀ ਜ਼ਖ਼ਮੀ ਹੋ ਗਏ ਸਨ। ਜਿਹਨਾਂ ਨੂੰ ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਗੱਡੀ 'ਚੋਂ ਕੱਢ ਕੇ ਸਥਾਨਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ।