ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਇਆ ਲੈਕਚਰ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਪੰਜਾਬੀ ਸਾਹਿਤ ਰਤਨ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਲੇਖਕ ਸੁਸ਼ੀਲ ਦੁਸਾਂਝ ਅਤੇ ਡਾ. ਗਗਨਦੀਪ ਸਿੰਘ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਹੋਏ ਸਾਹਿਤਕਾਰਾਂ, ਪਾਠਕਾਂ ਤੇ ਹੋਰ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕਰਦਿਆਂ ਜਸਵੰਤ ਸਿੰਘ ਕੰਵਲ ਦੇ ਜੀਵਨ ਤੇ ਰਚਨਾ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਹਾਜ਼ਰੀਨ ਨੂੰ ਜਾਣੂ ਕਰਾਉਂਦਿਆਂ ਕਰਵਾਏ ਜਾ ਰਹੇ ਸਮਾਗਮ ਦੇ ਮਨੋਰਥ ਬਾਰੇ ਜਾਣਕਾਰੀ ਦੇ ਕੇ ਚਰਚਾ ਦਾ ਆਗਾਜ਼ ਕੀਤਾ ਗਿਆ।

ਸਮਾਗਮ ਦੇ ਮੁੱਖ ਬੁਲਾਰੇ ਡਾ. ਗਗਨਦੀਪ ਸਿੰਘ ਵੱਲੋਂ ਜਸਵੰਤ ਸਿੰਘ ਕੰਵਲ ਤੇ ਪੰਜਾਬੀ ਨਾਵਲ ਵਿਸ਼ੇ 'ਤੇ ਆਪਣੇ ਪਰਚੇ 'ਚ ਖੋਜ ਭਰਪੂਰ ਤੱਥ ਪੇਸ਼ ਕੀਤੇ। ਕੰਵਲ ਦੇ ਨਾਵਲਾਂ ਦੇ ਆਧਾਰ 'ਤੇ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਪੰਜਾਬੀਅਤ ਪ੍ਰਤੀ ਮੋਹ ਦਾ ਠਾਠਾਂ ਮਾਰਦਾ ਸਾਗਰ ਸੀ ਤੇ ਪੇਂਡੂ ਜੀਵਨ ਯਥਾਰਥ ਦਾ ਚਿਤੇਰਾ ਸੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੁਸ਼ੀਲ ਦੁਸਾਂਝ ਵੱਲੋਂ ਸਮੁੱਚੇ ਸਮਾਗਮ ਬਾਰੇ ਭਾਵਪੂਰਤ ਟਿੱਪਣੀ ਕਰਦਿਆਂ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦੇ ਸੰਦਰਭ 'ਚ ਸਾਹਿਤ, ਸਮਾਜ ਤੇ ਸਭਿਆਚਾਰ ਦੇ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ ਗਈ।

ਇਸ ਮੌਕੇ ਸਰਦਾਰਾ ਸਿੰਘ ਚੀਮਾ, ਗੁਰਦਰਸ਼ਨ ਸਿੰਘ ਮਾਵੀ ਅਤੇ ਰਾਬਿੰਦਰ ਰੱਬੀ ਵੱਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾ ਕੇ ਸਮਾਗਮ ਨੂੰ ਮਹੱਤਵਪੂਰਨ ਬਣਾਇਆ ਗਿਆ। ਇਨਾਂ੍ਹ ਤੋਂ ਇਲਾਵਾ ਸਮਾਗਮ 'ਚ ਜ਼ਿਲ੍ਹੇ ਦੀਆਂ ਅਨੇਕ ਨਾਮਵਰ ਸ਼ਖਸੀਅਤਾਂ ਜਿਵੇਂ ਦਰਸ਼ਨ ਸਿੰਘ ਸਿੱਧੂ, ਇਜ. ਚੌਧਰੀ ਕਿਸ਼ੋਰੀ ਲਾਲ, ਡਾ. ਸੁਨੀਤਾ ਰਾਣੀ, ਪੋ੍. ਗੁਰਜੋਧ ਕੌਰ, ਸ਼੍ਰੀਮਤੀ ਸੰਦੀਪ ਕੌਰ ਆਦਿ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਭਰਦੀ ਲੇਖਿਕਾ ਮਨਜੀਤ ਰਿੰਪੀ ਦੇ ਨਵ-ਪ੍ਰਕਾਸ਼ਿਤ ਨਾਵਲ ਜ਼ਿੰਦਗੀ ਪਰਤ ਆਈ ਨੂੰ ਲੋਕ-ਅਰਪਣ ਕੀਤਾ ਗਿਆ। ਪੋ੍ਗਰਾਮ ਦੇ ਅੰਤ 'ਚ ਜ਼ਿਲ੍ਹਾ ਭਾਸ਼ਾ ਅਫਸਰ ਡਾ.ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਸਮਾਗਮ ਮੌਕੇ 'ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਇੰਸਟ੍ਕਟਰ ਜਤਿੰਦਰਪਾਲ ਸਿੰਘ, ਕਲਰਕ ਲਲਿਤ ਕਪੂਰ ਅਤੇ ਗੁਰਵਿੰਦਰ ਸਿੰਘ ਵੀ ਮੌਜੂਦ ਸਨ।