ਜੇ ਐੱਸ ਕਲੇਰ, ਜ਼ੀਰਕਪੁਰ : ਸ਼ਹਿਰ ਦੀਆਂ ਟੁੱਟੀਆਂ ਸੜਕਾਂ ਉੱਤੇ ਪਏ ਟੋਇਆਂ ਕਾਰਨ ਰੋਜ਼ਾਨਾ ਕਈ ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਹਾਦਸਿਆਂ ਕਾਰਨ ਕਈ ਬੱਚੇ ਤੇ ਬਜ਼ੁਰਗ ਸੱਟਾਂ ਵੀ ਖਾ ਚੁੱਕੇ ਹਨ। ਸ਼ਹਿਰ ਦੇ ਬਲਟਾਣਾ ਖੇਤਰ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਗਣੇਸ਼ ਵਿਹਾਰ ਦੀ ਸੜਕ ਧੱਸਣ ਕਾਰਨ ਆਲੇ-ਦੁਆਲੇ ਦੇ ਲੋਕਾਂ 'ਚ ਨਗਰ ਕੌਂਸਲ ਜ਼ੀਰਕਪੁਰ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਮਕਾਨ ਨੰਬਰ 15 ਤੋਂ ਲੈ ਕੇ ਮਕਾਨ ਨੰਬਰ 19 ਤਕ 10 ਫੁੱਟ ਸੜਕ ਧੱਸ ਗਈ ਹੈ। ਸੜਕ ਧਸਣ ਦਾ ਮੁੱਖ ਕਾਰਨ ਲੰਬੇ ਸਮੇਂ ਤੋਂ ਜ਼ਮੀਨਦੋਜ਼ ਪਾਈਪਾਂ 'ਚ ਪਾਣੀ ਦੀ ਲੀਕੇਜ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਗਣੇਸ਼ ਵਿਹਾਰ ਵਾਸੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਚਾਰਾਜੋਈ ਕਰ ਚੁੱਕੇ ਹਨ, ਪਰ ਹਾਲੇ ਤਕ ਕੋਈ ਸੁਣਵਾਈ ਨਹੀਂ ਹੋਈ। ਵਸਨੀਕਾਂ ਨੇ ਕਿਹਾ ਕਿ ਇਸ ਕਾਰਨ ਜਿਥੇ ਰੋਜ਼ਾਨਾ ਵੱਡੀ ਮਾਤਰਾ 'ਚ ਪੀਣਯੋਗ ਪਾਣੀ ਬਰਬਾਦ ਹੋ ਰਿਹਾ ਹੈ, ਉਥੇ ਇਸ ਪਾਣੀ ਦੇ ਸੜਕ 'ਤੇ ਇਕੱਠਾ ਹੋ ਜਾਣ ਕਾਰਨ ਚਿੱਕੜ ਬਣਿਆ ਰਹਿੰਦਾ ਹੈ।

ਇਲਾਕਾ ਵਾਸੀਆਂ ਨੇ ਜਦੋਂ ਵਿਰੋਧੀ ਧਿਰ ਦੇ ਕੌਂਸਲਰ ਆਰਤੀ ਸ਼ਰਮਾ ਨੇ ਕਿਹਾ ਕਿ ਉਨਾਂ੍ਹ ਨੇ ਲੀਕੇਜ ਹੋ ਰਹੇ ਪਾਣੀ ਨੂੰ ਤਾਂ ਠੀਕ ਕਰਵਾ ਦਿੱਤਾ ਹੈ ਪਰ ਲੰਬੇ ਸਮੇਂ ਤੋਂ ਲੀਕ ਹੋ ਰਹੇ ਪਾਣੀ ਕਾਰਨ ਸੜਕ ਦੀ ਮਿੱਟੀ ਨੇ ਗਾਰੇ ਦਾ ਰੂਪ ਧਾਰ ਲਿਆ ਹੈ ਜਿਸ ਕਾਰਨ ਨੇੜੇ ਬਣੇ ਸੀਵਰੇਜ ਦੇ ਚੈਂਬਰ ਦੀ ਕੰਧ ਢਹਿਣ ਕਰਕੇ ਸੜਕ ਢਹਿ ਗਈ ਹੈ ਜਿਸ ਨੂੰ ਸਵੇਰੇ ਠੀਕ ਕਰਨ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਜਾਵੇਗਾ।