ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਗਠਿਤ ਕਰ ਦਿੱਤੀ ਹੈ। ਕਮੇਟੀ ਦੀ ਅਗਵਾਈ ਸੀਨੀਅਰ ਅਕਾਲੀ ਆਗੂ ਜਥੇਦਾਰ ਸਿਕੰਦਰ ਸਿੰਘ ਮਲੂਕਾ ਕਰਨਗੇ।

ਕਮੇਟੀ ਦੇ ਹੋਰ ਮੈਂਬਰਾਂ ਵਿਚ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਰਦਾਰ ਵਿਰਸਾ ਸਿੰਘ ਵਲਟੋਹਾ, ਸਰਦਾਰ ਮਨਤਾਰ ਸਿੰਘ ਬਰਾੜ ਤੇ ਡਾ. ਸੁਖਵਿੰਦਰ ਸੁੱਖੀ ਨੂੰ ਸ਼ਾਮਲ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੀਆਂ ਰਵਾਇਤਾਂ ਮੁਤਾਬਕ ਪਾਰਟੀ ਪਲੇਟਫਾਰਮ ’ਤੇ ਹੀ ਖੁਲ੍ਹ ਦਿਲੀ ਨਾਲ ਲੋਕਤੰਤਰੀ ਤਰੀਕੇ ਵਿਚਾਰ ਰੱਖਣ ਅਤੇ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਪਾਰਟੀ ਦੀ ਜਥੇਬੰਦਕ ਏਕਤਾ ਤੇ ਮਜ਼ਬੂਤੀ ਬਾਰੇ ਗੈਰ ਲੋੜੀਂਦੇ ਭੁਲੇਖੇ ਫੈਲਾਉਣ ਦੀ ਆਗਿਆ ਨਾ ਦੇਣ।

ਬਿਆਨ ਵਿਚ ਕਿਹਾ ਗਿਆ ਕਿ ਪਾਰਟੀ ਦੀ ਮਜ਼ਬੂਤੁੀ ਲਈ ਹਰ ਵਿਚਾਰ ਦਾ ਸਵਾਗਤ ਹੈ ਪਰ ਸਿਰਫ ਪਾਰਟੀ ਪਲੇਟਫਾਰਮ ’ਤੇ ਜਿਵੇਂ ਕਿ ਬੀਤੇ ਸਮੇਂ ਵਿਚ ਪਾਰਟੀ ਦੀ ਰਵਾਇਤ ਰਹੀ ਹੈ।

ਪਾਰਟੀ ਪਲੇਟਫਾਰਮ ਤੋਂ ਬਾਹਰ ਅਜਿਹੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਨੁਸ਼ਾਸ਼ਨਹੀਣਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪਾਰਟੀ ਦੇ ਅੰਦਰੂਨੀ ਮਾਮਲੇ ਹਮੇਸ਼ਾ ਪਾਰਟੀ ਪਲੇਟਫਾਰਮ ’ਤੇ ਹੀ ਵਿਚਾਰੇ ਜਾਣੇ ਚਾਹੀਦੇ ਹਨ। ਬਿਆਨ ਵਿਚ ਕਿਹਾ ਗਿਆ ਕਿ ਪਾਰਟੀ ਵਿਚ ਅਨੁਸ਼ਾਸ਼ਨਹੀਣਤਾ ਦੀ ਕੋਈ ਥਾਂ ਨਹੀਂ ਹੈ ਤੇ ਪਾਰਟੀ ਦੇ ਅੰਦਰੂਨੀ ਮਾਮਲਿਆਂ ’ਤੇ ਹੋਰ ਕਿਤੇ ਵਿਚਾਰ ਪ੍ਰਗਟ ਕਰਨਾ ਜਾਂ ਕੋਈ ਗਤੀਵਿਧੀ ਕਰਨਾ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਅਫਵਾਹਾਂ, ਕੂੜ ਪ੍ਰਚਾਰ ਤੇ ਗਲਤ ਸੂਚਨਾਵਾਂ ਦੇਣ ਦਾ ਮੌਕਾ ਪ੍ਰਦਾਨ ਕਰਦਾ ਹੈ ਤਾਂ ਜੋ ਸੰਗਠਨ ਨੂੰ ਕਮਜ਼ੋਰ ਕੀਤਾ ਜਾ ਸਕੇ।

Posted By: Jagjit Singh