ਗੁਰਮੀਤ ਸਿੰਘ ਸ਼ਾਹੀ, ਐੱਸਏਐੱਸ ਨਗਰ : ਵਿਦੇਸ਼ਾਂ 'ਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ, ਵਿਦੇਸ਼ਾਂ 'ਚ ਨੌਕਰੀ ਲਈ ਜਾਣ ਵਾਲੇ ਵਿਅਕਤੀਆਂ ਤੇ ਟੋਕੀਓ ਓਲੰਪਿਕਸ ਲਈ ਜਾਣ ਵਾਲੇ ਖਿਡਾਰੀਆਂ ਤੇ ਸਹਾਇਕ ਸਟਾਫ਼ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਪਹਿਲੀ ਡੋਜ਼ ਲੱਗਣ ਤੋਂ 28 ਦਿਨ ਬਾਅਦ ਤੇ 84 ਦਿਨ ਤੋਂ ਪਹਿਲਾ ਲਾਈ ਜਾ ਸਕਦੀ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਅਜਿਹਾ ਕਰਨ ਲਈ ਆਗਿਆ ਦੇਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਰੱਥ ਅਥਾਰਟੀ ਨੂੰ ਥਾਪਣਾ ਲਾਜ਼ਮੀ ਹੈ, ਜਿਸ ਦੇ ਮੱਦੇਨਜ਼ਰ ਐੱਸਡੀ ਐੱਮਜ, ਸਰਕਲ ਮਾਲ ਅਫ਼ਸਰ, ਬੀਡੀਪੀਓ ਕਾਰਜ ਸਾਧਕ ਅਫ਼ਸਰ, ਲੇਬਰ ਇੰਸਪੈਕਟਰ, ਏਈਟੀਸੀ / ਈਟੀਓ/ ਐਕਸਾਈਜ਼ ਇੰਸਪੈਕਟਰ, ਐੱਸਐੱਚਓ, ਆਰਐੱਮਓ ਤੇ ਸਥਾਨਕ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਸਬੰਧੀ ਸਮਰੱਥ ਅਥਾਰਟੀ ਥਾਪਿਆ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਮਰੱਥ ਅਥਾਰਟੀ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਆਗਿਆ ਲੈਣ ਲਈ ਆਏ ਵਿਅਕਤੀ ਦੇ ਪਹਿਲੀ ਡੋਜ ਲੱਗੀ ਨੂੰ 28 ਦਿਨ ਹੋ ਚੁੱਕੇ ਹੋਣ ਅਤੇ ਇਸ ਦੇ ਨਾਲ ਦਸਤਾਵੇਜ਼ਾਂ ਦੇ ਆਧਾਰ 'ਤੇ ਵਿਦੇਸ਼ ਜਾਣ ਦੇ ਮਕਸਦ ਦੀ ਵੀ ਜਾਂਚ ਕੀਤੀ ਜਾਵੇ। ਇਨਾਂ੍ਹ ਦਸਤਾਵੇਜ਼ਾਂ 'ਚ ਵਿਦੇਸ਼ਾਂ 'ਚ ਪੜ੍ਹਾਈ ਸਬੰਧੀ ਦਾਖ਼ਲੇ ਦੇ ਕਾਗਜ਼ਾਤ ਜਾਂ ਹੋਰ ਪੱਤਰ, ਉਹ ਦਸਤਾਵੇਜ਼ ਜਿਨਾਂ੍ਹ ਤੋਂ ਇਹ ਪਤਾ ਲੱਗਦਾ ਹੋਵੇ ਕਿ ਸਬੰਧਿਤ ਵਿਅਕਤੀ ਵਿਦੇਸ਼ੀ ਸੰਸਥਾ 'ਚ ਪੜ੍ਹਾਈ ਕਰ ਰਿਹਾ ਹੈ ਤੇ ਉਸ ਨੇ ਆਪਣੀ ਪੜ੍ਹਾਈ ਲਈ ਮੁੜ ਵਿਦੇਸ਼ ਜਾਣਾ ਹੈ, ਨੌਕਰੀ ਲਈ ਇੰਟਰਵਿਊ ਜਾਂ ਰੁਜ਼ਗਾਰ ਸਬੰਧੀ ਆਫ਼ਰ ਲੈਟਰ ਤੇ ਟੋਕੀਓ ਓਲੰਪਿਕ 'ਚ ਹਿੱਸਾ ਲੈਣ ਸਬੰਧੀ ਨਾਮਜ਼ਦਗੀ ਦਸਤਾਵੇਜ਼ ਸ਼ਾਮਲ ਹਨ।