ਸੁਰਜੀਤ ਸਿੰਘ ਕੁਹਾੜ, ਲਾਲੜੂ : ਸਥਾਨਕ ਪੁਲਿਸ ਨੇ ਕਥਿਤ ਪੇ੍ਮੀ ਦੇ ਨਾਲ ਲਿਵ-ਇੰਨ 'ਚ ਰਹਿ ਰਹੀ ਵਿਅਹੁਤਾ ਨੂੰ ਬਲੈਕਮੇਲ ਤੇ ਧਮਕਾਉਣ ਦੇ ਦੋਸ਼ਾਂ ਤਹਿਤ ਜ਼ੀਰੋ ਐੱਫਆਈਆਰ ਦਰਜ ਕੀਤੀ ਹੈ। ਉਸ ਦਾ ਦੋਸ਼ ਹੈ ਕਿ ਫੇਸਬੁੱਕ ਰਾਹੀਂ ਸੰਪਰਕ 'ਚ ਆਏ ਨੌਜਵਾਨ ਨੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ, ਮਾਰਕੁੱਟ ਕੀਤੀ ਤੇ ਹੁਣ ਉਸ ਤੋਂ ਵੱਖ ਹੋਣ ਉੱਤੇ ਉਹ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਤੇ ਜਾਨੋਂ ਮਾਰ ਦੀ ਧਮਕੀ ਦੇ ਰਿਹਾ ਹੈ। ਪੁਲਿਸ ਨੇ ਜ਼ੀਰੋ ਐੱਫਆਈਆਰ ਕਾਰਵਾਈ ਦੇ ਲਈ ਹਰਿਆਣਾ ਜ਼ਿਲ੍ਹਾ ਕਰਨਾਲ ਦੇ ਇੰਦਰੀ ਪੁਲਿਸ ਨੂੰ ਭੇਜ ਦਿੱਤੀ ਹੈ।

ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ 23 ਸਾਲਾਂ ਲੜਕੀ ਨੇ ਦੱਸਿਆ ਕਿ ਉਸ ਦਾ ਵਿਆਹ 13 ਨਵੰਬਰ 2019 ਨੂੰ ਪਟਿਆਲਾ ਜ਼ਿਲ੍ਹੇ ਦੇ ਇਕ ਨੌਜਵਾਨ ਨਾਲ ਹੋਇਆ ਸੀ। 2022 'ਚ ਫੇਸਬੁੱਕ ਰਾਹੀਂ ਉਸ ਦੀ ਦੋਸਤੀ ਸਾਗਰ ਪੁੱਤਰ ਵਿਨੋਦ ਕੁਮਾਰ ਵਾਸੀ ਕੱਲਰਾ ਜਾਗੀਰ, ਥਾਣਾ ਇੰਦਰੀ ਜ਼ਿਲ੍ਹਾ ਕਰਨਾਲ ਨਾਲ ਹੋ ਗਈ ਤੇ ਉਹ ਸਾਗਰ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗੀ, ਜਿੱਥੇ ਸਾਗਰ ਨੇ ਉਸ ਦੀ ਮਰਜ਼ੀ ਖ਼ਿਲਾਫ਼ ਕਈ ਵਾਰ ਸਰੀਰਿਕ ਸਬੰਧ ਬਣਾਏ ਅਤੇ ਇਸ ਦੌਰਾਨ ਉਸ ਦੇ ਮੋਬਾਈਲ 'ਚ ਕੁਝ ਇਤਰਾਜ਼ਯੋਗ ਤਸਵੀਰਾਂ ਵੀ ਖਿੱਚ ਲਈਆਂ। ਉਸ ਨੇ ਦੱਸਿਆ ਕਿ ਸਾਗਰ ਨੇ ਜ਼ਬਰਦਸਤੀ ਉਸ ਦੇ ਪੈਸੇ ਅਤੇ ਸੋਨੇ ਦੀ ਚੇਨ ਵੀ ਖੋਹ ਲਈ ਅਤੇ ਉਸ ਨੂੰ ਅਕਸਰ ਤੰਗ-ਪਰੇਸ਼ਾਨ ਕਰਨ ਤੋਂ ਇਲਾਵਾ ਉਸ ਦੀ ਕੁੱਟਮਾਰ ਵੀ ਸ਼ੁਰੂ ਕਰ ਦਿੱਤੀ ਤੇ ਉਹ ਪਰੇਸ਼ਾਨ ਹੋ ਕੇ ਇਸ ਸਾਲ 15 ਮਾਰਚ ਨੂੰ ਆਪਣੀ ਮਾਂ ਕੋਲ ਵਾਪਸ ਆ ਗਈ। ਉਸ ਨੇ ਦੱਸਿਆ ਕਿ ਹੁਣ ਸਾਗਰ ਉਸ ਨੂੰ ਧਮਕੀ ਦੇ ਰਿਹਾ ਹੈ ਕਿ ਜੇਕਰ ਉਹ ਉਸ ਕੋਲ ਵਾਪਸ ਨਾ ਆਈ ਤਾਂ ਉਹ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਵਾਇਰਲ ਕਰ ਦੇਵੇਗਾ। ਪੀੜਤ ਵੱਲੋਂ ਦਿੱਤੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਸਥਾਨਕ ਪੁਲਿਸ ਨੇ ਜ਼ੀਰੋ ਐੱਫਆਈਆਰ ਦਰਜ ਕਰਕੇ ਕਾਰਵਾਈ ਲਈ ਸਬੰਧਤ ਥਾਣਾ ਇੰਦਰੀ, ਕਰਨਾਲ ਨੂੰ ਭੇਜ ਦਿੱਤੀ ਹੈ।