ਜੇਐੱਸ ਕਲੇਰ, ਜ਼ੀਰਕਪੁਰ : ਢਕੋਲੀ ਪੁਲਿਸ ਨੇ ਅਮਰੀਕਾਂ ਭੇਜਣ ਦੇ ਨਾਮ 'ਤੇ 65 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਹਰਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਕਾਨ ਨੰਬਰ-32 ਸਿਗਮਾ ਸਿਟੀ-1 ਲੋਹਗੜ੍ਹ ਜ਼ੀਰਕਪੁਰ ਨੇ ਦੱਸਿਆ ਕਿ ਉਸ ਨੇ ਆਪਣੀ ਨੂੰਹ ਅਤੇ ਆਪਣੇ ਪੋਤੇ ਨੂੰ ਅਮਰੀਕਾ ਭੇਜਣ ਲਈ ਸੁਰਿੰਦਰ ਮਹਿਲਾ ਪੁੱਤਰ ਹਰੀ ਸਿੰਘ ਵਾਸੀ ਕਰਨਾਲ ਨਾਲ ਸੰਪਰਕ ਕੀਤਾ ਸੀ। ਜਿਸ ਨੇ ਉਸ ਨੂੰ ਬਿਕਰਮਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਦੀਨਾਨਗਰ ਅਤੇ ਰਣਜੋਧ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅੰਮਿ੍ਤਸਰ ਨਾਲ ਮਿਲਵਾਇਆ ਸੀ। ਉਸ ਨੇ ਦੋਸ਼ ਲਾਇਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਸਬਜ਼ਬਾਗ਼ ਵਿਖਾ ਕੇ ਉਸ ਤੋਂ 80 ਲੱਖ ਰੁਪਏ ਲੈ ਲਏ ਅਤੇ ਉਸ ਦੀ ਨੂੰਹ ਅਤੇ ਪੋਤੇ ਨੂੰ ਅਮਰੀਕਾ ਭੇਜਣ ਦੀ ਬਜਾਏ ਨੈਰੋਬੀ ਭੇਜ ਦਿੱਤਾ। ਜਿਸ ਤੋਂ ਬਾਅਦ ਕਥਿਤ ਮੁਲਜ਼ਮਾਂ ਨੇ ਉਸ ਦੀ ਨੂੰਹ ਅਤੇ ਪੋਤੇ ਨੂੰ ਅਮਰੀਕਾ ਦਾ ਵੀਜ਼ਾ ਲਗਵਾ ਕੇ ਅਮਰੀਕਾ ਭੇਜਣਾ ਸੀ। ਉਸ ਨੇ ਦੋਸ਼ ਲਗਾਇਆ ਕਿ ਕਥਿਤ ਮੁਲਜ਼ਮ ਉਸ ਤੋਂ ਵੱਖ-ਵੱਖ ਤਰੀਕਾਂ ਨੂੰ ਪੈਸੇ ਲੈਂਦੇ ਰਹੇ ਪਰ ਉਨ੍ਹਾਂ ਨੇ ਉਸ ਦੀ ਨੂੰਹ ਅਤੇ ਪੋਤੇ ਨੂੰ ਅਮਰੀਕਾ ਨਹੀਂ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪਾਸਪੋਰਟ ਵਾਪਿਸ ਕੀਤੇ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਕੋਈ ਵਾਹ ਨਹੀ ਲੱਗੀ ਤਾਂ ਉਹ ਬਿਕਰਮਜੀਤ ਸਿੰਘ ਨੂੰ ਆਪਣੇ ਖ਼ਰਚ 'ਤੇ ਨੈਰੋਬੀ (ਕੀਨੀਆ) ਲੈ ਗਿਆ ਜਿਸ ਤੋਂ ਬਾਅਦ ਉਹ ਅਪਣੀ ਨੂੰਹ ਅਤੇ ਪੋਤੇ ਨੂੰ ਵਾਪਿਸ ਭਾਰਤ ਆਇਆ। ਉਸ ਨੇ ਦੱਸਿਆ ਕਿ ਉਸ ਵਲੋਂ ਵਾਰ ਵਾਰ ਮੰਗਣ 'ਤੇ ਵੀ ਕਥਿਤ ਮੁਲਜ਼ਮਾਂ ਨੇ ਉਸ ਦੇ ਸਿਰਫ ਕਰੀਬ 13 ਲੱਖ ਹੀ ਵਾਪਿਸ ਕੀਤੇ। ਜਿਸ 'ਤੇ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਿਨ੍ਹਾਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਬਿਕਰਮਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਦੀਨਾਨਗਰ, ਰਣਜੋਧ ਸਿੰਘ ਪੁੱਤਰ ਦਰਸ਼ਣ ਸਿੰਘ ਵਾਸੀ ਅੰਮਿ੍ਤਸਰ ਅਤੇ ਸੁਰਿੰਦਰ ਮਹਿਲਾ ਪੁੱਤਰ ਹਰੀ ਸਿੰਘ ਵਾਸੀ ਕਰਨਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਵਿਦੇਸ਼ ਭੇਜਣ ਦੇ ਨਾਂਅ 'ਤੇ 65 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਮਾਮਲਾ ਦਰਜ
Publish Date:Fri, 31 Mar 2023 06:37 PM (IST)
