ਪੰਜਾਬੀ ਜਾਗਰਣ ਟੀਮ, ਸਿਆਲਬਾ : ਮੁੱਲਾਪਰ ਗਰੀਬਦਾਸ- ਮੁੱਲਾਂਪੁਰ ਥਾਣਾ ਪੁਲਿਸ ਨੇ ਪਿੰਡ ਸਿਊਂਕ 'ਚ ਆਪਣੀ ਹੀ ਜ਼ਮੀਨਾਂ 'ਤੇ ਮਾਈਨਿੰਗ ਕਰਵਾਉਣ ਦੇ ਇਲਜ਼ਾਮ 'ਚ 19 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਬਚਨ ਕੌਰ, ਰਣਜੀਤ ਸਿੰਘ, ਨਛੱਤਰ ਸਿੰਘ, ਹਰਪਾਲ ਸਿੰਘ, ਰਵਿੰਦਰ ਸਿੰਘ, ਗੁਰਦੀਪ ਸਿੰਘ, ਕੁਲਦੀਪ ਕੌਰ, ਪਰਮਿੰਦਰ ਸਿੰਘ, ਜਤਿੰਦਰ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ, ਮਹਿੰਦਰ ਸਿੰਘ, ਸਵਰਨ ਕੌਰ, ਹਰਪਾਲ ਸਿੰਘ, ਗੁਰਮੇਲ ਕੌਰ, ਸੁਖਵਿੰਦਰ ਸਿੰਘ, ਮਨਜੀਤ ਕੌਰ, ਮਨਿੰਦਰ ਸਿੰਘ, ਬਲਜਿੰਦਰ ਸਿੰਘ ਸਾਰੇ ਨਿਵਾਸੀ ਪਿੰਡ ਸਿਊਂਕ ਦੇ ਰੂਪ 'ਚ ਹੋਈ ਹੈ। ਜਾਂਚ ਅਧਿਕਾਰੀ ਗੁਰਨਾਮ ਨੇ ਦੱਸਿਆ ਕਿ ਇਹ ਮਾਮਲਾ ਕਾਰਜਕਾਰੀ ਇੰਜੀਨੀਅਰ-ਕਮ- ਜ਼ਿਲ੍ਹਾ ਮਾਈਨਿੰਗ ਅਫ਼ਸਰ, ਜਲ ਨਿਕਾਸ- ਕਮ-ਮਾਈਨਿੰਗ ਮੰਡਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਈਨਿੰਗ ਅਫ਼ਸਰ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਸਿਊਂਕ ਦੇ ਰਹਿਣ ਵਾਲੇ ਜ਼ਿੰਮੀਦਾਰ ਆਪਣੀ ਹੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ। ਮਾਈਨਿੰਗ ਅਧਿਕਾਰੀਆਂ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਜਾਂਚ ਕੀਤੀ ਤੇ ਦੋਸ਼ੀ ਪਾਏ ਜਾਣ 'ਤੇ ਮਾਮਲਾ ਦਰਜ ਕਰ ਲਿਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਅਜੇ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਡੀਸੀ ਮੋਹਾਲੀ ਗਿਰੀਸ਼ ਦਿਆਲਨ ਨੇ ਇਕ ਆਰਡਰ ਜਾਰੀ ਕੀਤਾ ਸੀ ਜਿਸ 'ਚ ਕਿਹਾ ਗਿਆ ਸੀ ਕਿ ਜੇ ਕੋਈ ਵਿਅਕਤੀ ਆਪਣੀ ਜ਼ਮੀਨ 'ਤੇ ਮਾਈਨਿੰਗ ਕਰਵਾਉਂਦਾ ਹੋਇਆ ਫੜਿਆ ਗਿਆ ਤਾਂ ਉਸਦੀ ਜ਼ਮੀਨ ਨੂੰ ਜ਼ਬਤ ਕਰਨ ਦੀ ਕਾਰਵਾਈ ਕਰਣਗੇ। ਪੁਲਿਸ ਅਗਲੀ ਕਾਰਵਾਈ ਲਈ ਕਾਗਜ਼ੀ ਕਾਰਵਾਈ ਕਰ ਰਹੀ ਹੈ।