ਤੇਜ਼ ਰਫ਼ਤਾਰ ਬ੍ਰੇਜ਼ਾ ਕਾਰ ਦੀ ਟੱਕਰ ਨਾਲ 52 ਸਾਲਾ ਵਿਅਕਤੀ ਦਾ ਪੈਰ ਕੱਟਿਆ; ਕੇਸ ਦਰਜ ਕਰਕੇ ਜਾਂਚ ਕੀਤੀ ਤੇਜ਼
ਤੇਜ਼ ਰਫ਼ਤਾਰ ਬ੍ਰੇਜ਼ਾ ਕਾਰ ਦੀ ਟੱਕਰ ਨਾਲ 52 ਸਾਲਾ ਵਿਅਕਤੀ ਦਾ ਪੈਰ ਕੱਟਿਆ;
Publish Date: Tue, 09 Dec 2025 08:45 PM (IST)
Updated Date: Tue, 09 Dec 2025 08:48 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਦਾ ਇਕ ਹੋਰ ਭਿਆਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ 52 ਸਾਲਾ ਵਿਅਕਤੀ ਨੂੰ ਆਪਣਾ ਪੈਰ ਗੁਆਉਣਾ ਪਿਆ। ਇਹ ਦਰਦਨਾਕ ਹਾਦਸਾ 23 ਨਵੰਬਰ 2025 ਨੂੰ ਪਿੰਡ ਸਨੌਲੀ ਦੇ ਨੇੜੇ ਵਾਪਰਿਆ ਸੀ। ਗੰਭੀਰ ਰੂਪ ਵਿਚ ਜ਼ਖਮੀ ਹੋਏ ਪੀੜਤ ਭਰਤ ਸ਼ਰਮਾ, ਵਾਸੀ ਖਾਨਪੁਰ ਬ੍ਰਾਹਮਣ, ਨਰਾਇਣਗੜ੍ਹ (ਅੰਬਾਲਾ), ਨੇ ਹੁਣ ਜਾ ਕੇ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ। ਪਹਿਲਾਂ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੋਣ ਕਾਰਨ ਪੁਲਿਸ ਬਿਆਨ ਨਹੀਂ ਲੈ ਸਕੀ ਸੀ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਡੇਰਾਬੱਸੀ ਤੋਂ ਢਕੌਲੀ ਵੱਲ ਆਪਣੀ ਮੋਟਰਸਾਈਕਲ ਤੇ ਜਾ ਰਹੇ ਸਨ। ਜਿਉਂ ਹੀ ਉਹ ਪਿੰਡ ਸਨੌਲੀ ਵਿਖੇ ਪੀਰ ਬਾਬਾ ਸਮਾਧ ਦੇ ਨੇੜੇ ਪਹੁੰਚੇ, ਪਿੱਛੋਂ ਆ ਰਹੀ ਇਕ ਚਿੱਟੇ ਰੰਗ ਦੀ ਬ੍ਰੇਜ਼ਾ ਕਾਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬਿਨਾਂ ਬ੍ਰੇਕ ਮਾਰੇ ਉਨ੍ਹਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਨਾਲ ਉਹ ਸੜਕ ਕਿਨਾਰੇ ਪਏ ਪੱਥਰ ਤੇ ਜਾ ਡਿੱਗੇ, ਜਿਸ ਕਾਰਨ ਉਨ੍ਹਾਂ ਦੇ ਸੱਜੇ ਪੈਰ ਸਮੇਤ ਸਰੀਰ ਦੇ ਹੋਰ ਹਿੱਸਿਆਂ ਤੇ ਗੰਭੀਰ ਸੱਟਾਂ ਲੱਗੀਆਂ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਢਕੌਲੀ ਲਿਜਾਇਆ ਗਿਆ। ਹਾਲਤ ਵਿਗੜਨ ਤੇ ਉਨ੍ਹਾਂ ਨੂੰ ਜੀਐੱਮਸੀਐੱਚ-32 ਚੰਡੀਗੜ੍ਹ ਅਤੇ ਫਿਰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਸੱਟਾਂ ਇੰਨੀਆਂ ਗੰਭੀਰ ਸਨ ਕਿ ਪੀੜਤ ਦਾ ਸੱਜਾ ਪੈਰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਨੂੰ ਕੱਟਣਾ ਪਿਆ। ਪ੍ਰਾਪਤ ਬਿਆਨ ਅਤੇ ਜਾਂਚ ਦੇ ਆਧਾਰ ਤੇ ਪੁਲਿਸ ਨੇ ਮਾਮਲੇ ਵਿਚ ਧਾਰਾ 281, 125(ਬੀ) ਅਤੇ 324(4) ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀ ਬ੍ਰੇਜ਼ਾ ਚਾਲਕ ਦੀ ਪਛਾਣ ਅਤੇ ਵਾਹਨ ਦਾ ਪਤਾ ਲਗਾਉਣ ਲਈ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ।