ਕਾਲਾ ਸਿੰਘ ਸੈਣੀ, ਖਰੜ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਦੀ ਅਗਵਾਈ ਵਿਚ ਕਿਸਾਨ ਯੂਨੀਅਨ ਅਤੇ ਕਿਸਾਨਾਂ ਦਾ ਵਫ਼ਦ ਅੱਜ ਐੱਸਡੀਐੱਮ ਖਰੜ ਰਵਿੰਦਰ ਸਿੰਘ ਨੂੰ ਮਿਲਿਆ। ਭਾਰਤੀ ਕਿਸਾਨ ਯੂਨੀਅਨ ਵੱਲੋਂ ਐੱਸਡੀਐੱਮ ਨੂੰ ਦਿੱਤੇ ਮੰਗ ਪੱਤਰ ਵਿਚ ਲਿਖਿਆ ਕਿ ਬੇ-ਮੌਸਮੀ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਕਣਕ, ਸਰ੍ਹੋਂ, ਸਬਜ਼ੀਆਂ, ਹਰਾ ਚਾਰਾ ਆਦਿ ਦਾ 25 ਤੋਂ 100 ਫ਼ੀਸਦੀ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਕਿਸਾਨਾਂ ਨੂੰ 25 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਅਤੇ ਅਪੀਲ ਕੀਤੀ ਕਿ ਤੁਰੰਤ ਪਿੰਡਾਂ ਵਿਚ ਪਟਵਾਰੀ ਭੇਜ ਕੇ ਗਿਰਦਾਵਰੀ ਕਰਵਾਈ ਜਾਵੇ। ਇਸਸ ਮੌਕੇ ਐੱਸਡੀਐੱਮ ਖਰੜ ਰਵਿੰਦਰ ਸਿੰਘ ਨੇ ਕਿਸਾਨ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਹਫ਼ਤੇ ਵਿਚ ਗਿਰਦਾਵਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਜਸਪਾਲ ਸਿੰਘ ਨਿਆਮੀਆਂ, ਚਰਨਜੀਤ ਸਿੰਘ ਸਿੰਬਲਮਾਜਰਾ, ਹਰਜਿੰਦਰ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ ਖੂਨੀਮਾਜਰਾ ਸਮੇਤ ਹੋਰ ਆਗੂ ਹਾਜ਼ਰ ਸਨ।