ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਕੋਵਿਡ ਮਹਾਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਮਰੀਜ਼ਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ 77 ਨਵੀਆਂ ਐਂਬੂਲੈਂਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦਿੱਤੀ।

ਸਿਹਤ ਮੰਤਰੀ ਨੇ ਮੋਹਾਲੀ ਤੋਂ 15 ਬੇਸਿਕ ਲਾਈਫ਼ ਸਪੋਰਟ (ਬੀਐੱਲਐੱਸ) ਐਂਬੂਲੈਂਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੈਪਟਨ ਸਰਕਾਰ ਨੇ 100 ਹੋਰ ਐਂਬੂਲੈਂਸਾਂ ਖਰੀਦਣ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ 'ਚ 77 ਐਂਬੂਲੈਂਸਾਂ ਦਾ ਆਰਡਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਜ਼ਿਲ੍ਹਿਆਂ ਨੂੰ ਪਹਿਲਾਂ ਹੀ 17 ਐਡਵਾਂਸ ਲਾਈਫ ਸਪੋਰਟ (ਏਐੱਲਐੱਸ) ਐਂਬੂਲੈਂਸਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਏਐੱਲਐੱਸ ਐਂਬੂਲੈਂਸਾਂ ਸੁਰੱਖਿਆ ਉਪਕਰਨਾਂ ਜਿਵੇਂ ਵੈਂਟੀਲੇਟਰਜ਼, ਡਿਫਾਈਬਿ੍ਲੇਟਰਜ਼, ਮਲਟੀਪੈਰਾ ਪੇਸ਼ੈਂਟ ਮਾਨੀਟਰ, ਸਕਸ਼ਨ ਮਸ਼ੀਨ, ਨੇਬੁਲਾਈਜਰਜ਼ ਆਦਿ ਨਾਲ ਪੂਰੀ ਤਰ੍ਹਾਂ ਲੈਸ ਹਨ।

ਅੱਜ ਤੋਂ 60 ਬੀਐੱਲਐੱਸ ਐਂਬੂਲੈਂਸਾਂ ਦੀ ਡਲਿਵਰੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਪਹਿਲੀਆਂ 15 ਐਂਬੂਲੈਂਸਾਂ ਕਾਰਜ 'ਚ ਲਾ ਦਿੱਤੀਆਂ ਗਈਆਂ ਹਨ ਅਤੇ ਬਾਕੀ ਅਗਸਤ 2020 ਦੇ ਅੰਤ ਤਕ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਐਂਬੂਲੈਂਸਾਂ ਸ਼ਹਿਰੀ ਖੇਤਰਾਂ 'ਚ 20 ਮਿੰਟ ਅਤੇ ਪੇਂਡੂ ਖੇਤਰਾਂ ਵਿਚ 30 ਮਿੰਟਾਂ ਦੇ ਅੰਦਰ-ਅੰਦਰ ਮਿਥੇ ਸਥਾਨ 'ਤੇ ਪਹੁੰਚ ਜਾਂਦੀਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਇਨ੍ਹਾਂ ਨਵੀਂਆਂ ਐਂਬੂਲੈਂਸਾਂ ਨਾਲ ਕੋਵਿਡ ਮਹਾਮਾਰੀ ਵਿਰੁੱਧ ਲੜਾਈ ਨੂੰ ਹੋਰ ਬਲ ਮਿਲੇਗਾ।