ਕਮਲ ਜੋਸ਼ੀ, ਚੰਡੀਗੜ੍ਹ : ਕੋਰੋਨਾ ਤੋਂ ਬਚਾਅ ਲਈ ਪਾਏ ਜਾਣ ਵਾਲੇ ਮਾਸਕ ਨਾਲ ਜਿੱਥੇ ਕਈ ਵਾਰ ਆਮ ਲੋਕਾਂ ਨੂੰ ਖੁੱਲ੍ਹਾ ਸਾਹ ਲੈਣ 'ਚ ਦਿੱਕਤ ਹੁੰਦੀ ਹੈ, ਉਥੇ ਮਾਸਕ ਹੁਣ ਪੰਜਾਬ ਸਰਕਾਰ ਦੇ ਵਿੱਤੀ ਪ੍ਰਬੰਧਾਂ ਦੇ ਘੁੱਟਦੇ ਸਾਹ ਨੂੰ ਬਚਾਉਣ ਦਾ ਰਾਹ ਬਣ ਗਏ ਹਨ। ਸੂਬੇ 'ਚ 21 ਮਈ ਤੋਂ ਮਾਸਕ ਨਾ ਪਾਉਣ 'ਤੇ 500 ਰੁਪਏ ਦੇ ਜੁਰਮਾਨੇ ਦਾ ਪ੍ਰਬੰਧ ਕੀਤੇ ਜਾਣ ਨਾਲ ਪਹਿਲੇ ਦੱਸ ਦਿਨਾਂ 'ਚ ਹੀ ਸੂਬਾ ਸਰਕਾਰ ਨੇ ਇਸ ਤੋਂ ਲਗਭਗ ਸਾਢੇ ਤਿੰਨ ਕਰੋੜ ਰੁਪਏ ਕਮਾ ਲਏ ਹਨ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 21 ਮਈ ਤੋਂ 31 ਮਈ ਤਕ ਸੂਬੇ 'ਚ ਮਾਸਕ ਨਾ ਪਾਉਣ 'ਤੇ 69150 ਲੋਕਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।

ਪ੍ਰਤੀ ਚਲਾਨ 500 ਰੁਪਏ ਦੀ ਦਰ ਨਾਲ ਇਨਾਂ ਚਲਾਨਾਂ 'ਤੇ ਵਸੂਲੀ 3 ਕਰੋੜ 45 ਲੱਖ 75 ਹਜ਼ਾਰ ਰੁਪਏ ਦੀ ਬਣਦੀ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, ਮਾਸਕ ਨਾ ਪਾਉਣ ਦੇ ਚਲਾਨ ਬਠਿੰਡਾ 'ਚ ਸਭ ਤੋਂ ਜ਼ਿਆਦਾ ਹੋਏ ਹਨ, ਜਿੱਥੇ ਪਹਿਲਾਂ 11 ਦਿਨਾਂ 'ਚ 5110 ਚਲਾਨ ਕੱਟੇ ਗਏ ਹਨ। ਦੂਜੇ ਨੰਬਰ 'ਤੇ ਲੁਧਿਆਣਾ ਸਿਟੀ 'ਚ 5037 ਚਲਾਨ ਕੱਟੇ ਗਏ ਹਨ, ਹਾਲਾਂਕਿ ਲੁਧਿਆਣਾ ਦਿਹਾਤੀ 'ਚ 1083 ਹੋਰ ਲੋਕਾਂ ਦੇ ਵੀ ਚਲਾਨ ਕੀਤੇ ਗਏ ਹਨ ਪਰ ਜੇ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਨੂੰ ਮਿਲਾ ਦਿੱਤਾ ਜਾਵੇ ਤਾਂ ਜਲੰਧਰ ਚਲਾਨਾਂ ਦੇ ਮਾਮਲੇ 'ਚ ਪਹਿਲੇ ਸਥਾਨ 'ਤੇ ਹੈ, ਜਿੱਥੇ ਦਿਹਾਤ 'ਚ 4780 ਤੇ ਸ਼ਹਿਰ 'ਚ 2384 ਚਲਾਨਾਂ ਦੇ ਨਾਲ ਕੁੱਲ 7264 ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਮੋਗਾ 'ਚ 4283, ਮਾਨਸਾ 'ਚ 3942, ਕਪੂਰਥਲਾ 'ਚ 3565, ਫਤਹਿਗੜ੍ਹ ਸਾਹਿਬ 'ਚ 3109, ਹੁਸ਼ਿਆਰਪੁਰ 'ਚ 3103, ਫ਼ਾਜ਼ਿਲਕਾ 'ਚ 2899, ਬਟਾਲਾ 'ਚ 2886, ਤਰਨਤਾਰਨ 'ਚ 2825, ਐੱਸਬੀਐੱਸ ਨਗਰ 'ਚ 2605, ਸ੍ਰੀ ਮੁਕਤਸਰ ਸਾਹਿਬ 'ਚ 2421, ਅੰਮ੍ਰਿਤਸਰ ਸਿਟੀ 'ਚ 2423 ਤੇ ਅੰਮ੍ਰਿਤਸਰ ਦਿਹਾਤ 'ਚ 1489, ਫ਼ਿਰੋਜ਼ਪੁਰ 'ਚ 2404, ਸੰਗਰੂਰ 'ਚ 2384, ਪਟਿਆਲਾ 'ਚ 2262, ਗੁਰਦਾਸਪੁਰ 'ਚ 1562, ਐੱਸਏਐੱਸ ਨਗਰ 'ਚ 1452, ਬਰਨਾਲਾ 'ਚ 1544, ਖੰਨਾ 'ਚ 1195, ਰੂਪਨਗਰ 'ਚ 988, ਪਠਾਨਕੋਟ 'ਚ 792, ਫ਼ਰੀਦਕੋਟ 'ਚ 623 ਚਲਾਨ ਕੱਟੇ ਗਏ ਹਨ।

ਲੋਕਾਂ 'ਚ ਰੋਸ

ਮਾਸਕ ਨਾ ਪਾਉਣ ਦੇ ਚਲਾਨ ਕੱਟਣ 'ਚ ਸਭ ਤੋਂ ਅੱਗੇ ਰਹੇ ਬਠਿੰਡਾ 'ਚ ਪਿਛਲੇ ਦਿਨੀਂ ਲੋਕਾਂ ਦੇ ਟ੍ਰੈਫਿਕ ਚਲਾਨ ਕੱਟੇ ਜਾਣ ਕਾਰਨ ਲੋਕਾਂ 'ਚ ਕਾਫੀ ਰੋਸ ਦੇਖਿਆ ਗਿਆ ਸੀ। ਬਠਿੰਡਾ 'ਚ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਬਠਿੰਡਾ ਪੁਲਿਸ ਨੇ ਪੂਰੇ ਦਸਤਾਵੇਜ਼ ਦੇਖੇ ਬਿਨਾ ਹੀ ਲੋਕਾਂ ਦੇ ਵਾਹਨ ਜ਼ਬਤ ਕਰ ਲਏ। ਅਜਿਹੇ ਚਲਾਨਾਂ ਲਈ ਵਾਹਨ ਮਾਲਕਾਂ ਕੋਲੋਂ 3000 ਰੁਪਏ ਤੋਂ ਲੈ ਕੇ 12000 ਰੁਪਏ ਤਕ ਵਸੂਲੇ ਗਏ।

ਕਰਫਿਊ ਦੀ ਉਲੰਘਣਾ ਤਹਿਤ ਕੱਟੇ 10800 ਚਲਾਨ

ਜ਼ਿਕਰਯੋਗ ਹੈ ਕਿ ਮਾਸਕ ਨਾ ਪਾਉਣ ਕਰ ਕੇ ਸੂਬੇ 'ਚ ਜਿੱਥੇ 11 ਦਿਨਾਂ 'ਚ 70 ਹਜ਼ਾਰ ਲੋਕਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ, ਉਥੇ ਸੂਬੇ 'ਚ 70 ਦਿਨਾਂ ਤੋਂ ਲੱਗੇ ਕਰਫਿਊ ਦੌਰਾਨ ਕਰਫਿਊ ਨਿਯਮਾਂ ਦੀ ਉਲੰਘਣਾ ਲਈ ਸਿਰਫ਼ 10800 ਚਲਾਨ ਕੱਟੇ ਗਏ ਹਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਕਰਫਿਊ ਦੀ ਉਲੰਘਣਾ ਦੇ ਮਾਮਲੇ 'ਚ ਤਰਨਤਾਰਨ ਜਿਹਾ ਸਰਹੱਦੀ ਇਲਾਕਾ ਪਹਿਲੇ ਸਥਾਨ 'ਤੇ ਰਿਹਾ ਹੈ ਤੇ ਸਿਰਫ ਇਹੀ ਜ਼ਿਲਾ ਅਜਿਹਾ ਹੈ ਜਿੱਥੇ ਕਰਫਿਊ ਉਲੰਘਣਾ ਲਈ ਇਕ ਹਜ਼ਾਰ ਤੋਂ ਜ਼ਿਆਦਾ 1246 ਮਾਮਲੇ ਦਰਜ ਕੀਤੇ ਗਏ।

Posted By: Susheel Khanna