ਸਟੇਟ ਬਿਊਰੋ, ਚੰਡੀਗੜ੍ਹ : ਕੋਰੋਨਾ ਵੈਕਸੀਨ ਨੂੰ ਲੈ ਕੇ ਪੰਜਾਬ ਲਗਪਗ ਡਰਾਈ ਹੋ ਗਿਆ ਹੈ। ਲਗਪਗ ਸਾਰੇ ਜ਼ਿਲ੍ਹਿਆਂ ’ਚ ਕਰੀਬ 70 ਫ਼ੀਸਦੀ ਵੈਕਸੀਨੇਸ਼ਨ ਸੈਂਟਰ ਬੰਦ ਕਰ ਦਿੱਤੇ ਗਏ ਹਨ। ਲੁਧਿਆਣੇ ਵਰਗੇ ਜ਼ਿਲ੍ਹੇ ਜਿੱਥੇ ਸਭ ਤੋਂ ਜ਼ਿਆਦਾ ਕਰੀਬ ਡੇਢ ਹਜ਼ਾਰ ਮਰੀਜ਼ ਰੋਜ਼ਾਨਾ ਸਾਹਮਣੇ ਆ ਰਹੇ ਹਨ, ਉੱਥੇ ਵੀ 23 ਸੈਂਟਰ ਬੰਦ ਕਰ ਦਿੱਤੇ ਗਏ ਹਨ। ਵੈਕਸੀਨ ਦੀ ਘਾਟ ਕਾਰਨ ਸ਼ੁੱਕਰਵਾਰ ਨੂੰ 13,869 ਲੋਕਾਂ ਨੂੰ ਹੀ ਟੀਕਾ ਲਗਾਇਆ ਜਾ ਸਕਿਆ। ਸੂਬੇ ’ਚ ਹੁਣ 45 ਸਾਲ ਤੋਂ ਉੱਪਰ ਦੇ ਲੋਕਾਂ ਲਈ ਸਿਰਫ਼ 23,273 ਡੋਜ਼ ਬਚੀਆਂ ਹਨ। ਸਿਹਤ ਵਿਭਾਗ ਕੋਲ ਇਸ ਸਵਾਲ ਦਾ ਵੀ ਜਵਾਬ ਨਹੀਂ ਹੈ ਕਿ 45 ਸਾਲ ਤੋਂ ਉੱਪਰ ਲਈ ਵੈਕਸੀਨ ਦੀ ਅਗਲੀ ਖੇਪ ਕਦੋਂ ਆਉਣੀ ਹੈ।

ਸਿਹਤ ਵਿਭਾਗ ਦੇ ਸਕੱਤਰ ਤੇ ਵੈਕਸੀਨੇਸ਼ਨ ਦੇ ਇੰਚਾਰਜ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ 14 ਮਈ ਨੂੰ ਨਵੀਂ ਨੀਤੀ ਬਾਰੇ ਦੱਸਣ ਲਈ ਕਿਹਾ ਸੀ। ਕੇਂਦਰ ਸਰਕਾਰ ਵੱਲੋਂ ਜਾਣਕਾਰੀ ਮਿਲਣ ਦੇ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਕੁਝ ਕੇਂਦਰਾਂ ’ਤੇ 45 ਸਾਲ ਤੋਂ ਜ਼ਿਆਦਾ ਦੇ ਲੋਕਾਂ ਨੂੰ ਟੀਕੇ ਲੱਗੇ ਹਨ। 18 ਤੋਂ 44 ਸਾਲ ਦੇ ਲੋਕਾਂ ਨੂੰ ਟੀਕੇ ਲੱਗ ਰਹੇ ਹਨ। ਇਸ ਉਮਰ ਵਰਗ ਲਈ 1.10 ਲੱਖ ਡੋਜ਼ ਸ਼ਨਿਚਰਵਾਰ ਨੂੰ ਮਿਲ ਜਾਵੇਗੀ।

ਵੈਕਸੀਨ ਦੀ ਘਾਟ ਦੇ ਕਾਰਨ ਲੁਧਿਆਣੇ ’ਚ ਸਿਰਫ਼ 376 ਲੋਕਾਂ ਨੂੰ ਟੀਕਾ ਲਗਾਇਆ ਗਿਆ। ਸ਼ਹਿਰ ਦੇ 23 ਸੈਂਟਰਾਂ ਨੂੰ ਬੰਦ ਕਰ ਦਿੱਤਾ ਗਿਆ। ਬਠਿੰਡਾ ’ਚ ਤਾਂ 84 ’ਚੋਂ 76 ਸੈਂਟਰਾਂ ਨੂੰ ਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜਲੰਧਰ ’ਚ 216 ਸੈਂਟਰਾਂ ’ਚੋਂ 19 ਸੈਂਟਰਾਂ ’ਤੇ ਹੀ ਵੈਕਸੀਨ ਲਗਾਈ ਗਈ। ਸੂਬੇ ’ਚ ਸਭ ਤੋਂ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਐੱਸਏਐੱਸ ਨਗਰ (ਮੋਹਾਲੀ) ’ਚ ਸਭ ਤੋਂ ਜ਼ਿਆਦਾ ਦੋ ਹਜ਼ਾਰ ਲੋਕਾਂ ਨੂੰ ਵੈਕਸੀਨ ਲਗਾਈ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਨਗਰ ਪਟਿਆਲਾ ’ਚ ਸਿਰਫ਼ 69 ਲੋਕਾਂ ਨੂੰ ਟੀਕਾ ਲਗਾਇਆ ਜਾ ਸਕਿਆ।

ਸਿਹਤ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਹੁਸਨ ਲਾਲ ਦਾ ਕਹਿਣਾ ਹੈ ਕਿ 45 ਸਾਲ ਤੋਂ ਜ਼ਿਆਦਾ ਉਮਰ ਵਰਗ ਲਈ ਕੋਵੀਸ਼ੀਲਡ ਵੈਕਸੀਨ ਦੀ 1,63,710 ਡੋਜ਼ ਦੀ ਆਖ਼ਰੀ ਖੇਪ ਨੌਂ ਮਈ ਨੂੰ ਪਹੁੰਚੀ ਸੀ। ਸੂਬੇ ਨੂੰ ਹਾਲੇ ਤਕ ਕੋਵੀਸ਼ੀਲਡ ਦੀਆਂ ਕੁੱਲ 42,48,560 ਡੋਜ਼ ਮਿਲੀਆਂ ਹਨ, ਜਿਸ ਵਿਚੋਂ 3,45,000 ਡੋਜ਼ ਫ਼ੌਜੀਆਂ ਨੂੰ ਦਿੱਤੀ ਗਈ ਹੈ। 45 ਸਾਲ ਤੋਂ ਜ਼ਿਆਦਾ ਉਮਰ ਵਰਗ ਲਈ ਕੋਵੈਕਸੀਨ ਦੀਆਂ 75 ਹਜ਼ਾਰ ਡੋਜ਼ ਦੀ ਆਖ਼ਰੀ ਖੇਪ ਛੇ ਮਈ ਨੂੰ ਪਹੁੰਚੀ ਸੀ। ਕੋਵੈਕਸੀਨ ਦੀ ਹੁਣ ਤਕ 4.09 ਲੱਖ ਡੋਜ਼ ਮਿਲੀ ਹੈ। ਇਸ ਵਿਚੋਂ 3.52 ਲੱਖ ਡੋਜ਼ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਕੋਵੀਸ਼ੀਲਡ ਦੀ ਡੋਜ਼ ਸੂਬੇ ’ਚ ਨਾ ਦੇ ਬਰਾਬਰ ਬਚੀ ਹੈ। ਸੂਬੇ ’ਚ 41.75 ਲੱਖ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਇਸ ਵਿਚੋਂ 34.71 ਲੱਖ ਨੂੰ ਪਹਿਲੀ ਤੇ 7.01 ਲੱਖ ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ।

Posted By: Susheel Khanna