ਪੰਜਾਬੀ ਜਾਗਰਣ ਟੀਮ, ਜਲੰਧਰ/ਮੋਗਾ/ਅੰਮ੍ਰਿਤਸਰ : ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 8 ਤੇ ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਤੋਂ 2 ਤੇ 2 ਹੋਰ ਨਵੇਂ ਕੇਸ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਅੰਮ੍ਰਿਤਸਰ ਤੋਂ 5, ਜਲੰਧਰ ਤੋਂ 2 ਤੇ ਮੋਗਾ 'ਚ 2 ਕੇਸ ਸਾਹਮਣੇ ਆਇਆ। ਇਸ ਦੇ ਨਾਲ ਹੀ ਸੂਬੇ 'ਚ ਐਕਟਿਵ ਕੇਸਾਂ ਦੀ ਗਿਣਤੀ 335 ਹੋ ਗਈ ਹੈ। ਗੱਲ ਚੰਡੀਗੜ੍ਹ ਦੀ ਕਰੀਏ ਤਾਂ ਉੱਥੇ ਹੁਣ ਐਕਟਿਵ ਕੇਸ 88 ਤੇ ਕੁੱਲ ਮਾਮਲੇ 291 ਹੋ ਗਏ ਹਨ।

ਅੰਮ੍ਰਿਤਸਰ 'ਚ ਪੰਜ ਕੋਰੋਨਾ ਪਾਜ਼ੇਟਿਵ ਕੇਸ ਹੋਰ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 392 ਹੋ ਗਈ ਹੈ। ਪੰਜ ਕੋਰੋਨਾ ਪਾਜ਼ੇਟਿਵ ਵੀ ਲੋਕਾਂ 'ਚ ਆਪਸੀ ਮਿਲਣ-ਵਰਤਣ ਕਾਰਨ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਦੋ ਹਾਥੀ ਗੇਟ, ਦੋ ਮਹਿਤਾ ਚੌਕ ਤੇ ਇਕ ਨਿਉ ਅੰਮ੍ਰਿਤਸਰ ਨੇੜੇ ਦਾ ਹੈ। ਇਸ ਤੋਂ ਇਲਾਵਾ 307 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਤੇ 7 ਦੀ ਮੌਤ ਹੋ ਚੁੱਕੀ ਹੈ।

ਐਤਵਾਰ ਨੂੰ ਦੁਪਹਿਰ ਵੇਲੇ ਕੋਰੋਨਾ ਦੇ ਸੈਂਪਲਾਂ ਦੀਆਂ ਆਈਆਂ ਰਿਪੋਰਟਾਂ ਵਿਚ ਜ਼ਿਲ੍ਹੇ ਦਾ ਇਕ ਮਰੀਜ਼ ਕੋਰੋਨਾ ਪਾਜ਼ੇਟਿਵ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਦੁਪਹਿਰ ਨੂੰ ਆਈ ਰਿਪੋਰਟ 'ਚ ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਡਿਫੈਂਸ ਕਾਲੋਨੀ ਦਾ ਹੈ ਜਿਸ ਦੀ ਉਮਰ 41 ਸਾਲ ਹੈ। ਦੂਸਰਾ ਬੀਐੱਸਐੱਫ ਦਾ ਜਵਾਨ ਹੈ ਜੋ ਦਿੱਲੀ ਤੋਂ ਜਲੰਧਰ ਆਇਆ ਸੀ। 14 ਦਿਨ ਕੁਆਰੰਟਾਈਨ ਰਹਿਣ ਤੋਂ ਬਾਅਦ ਬੀਤੇ ਦਿਨ ਕੋਰੋਨਾ ਟੈਸਟ ਕੀਤਾ ਗਿਆ ਸੀ। ਅੱਜ ਆਈ ਰਿਪੋਰਟ 'ਚ ਉਹ ਵੀ ਪਾਜ਼ੇਟਿਵ ਆਇਆ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 251 ਹੋ ਗਈ ਹੈ।

ਮੋਗਾ 'ਚ ਇਕ ਹੋਰ ਕਰੋਨਾ ਕੇਸ ਪਾਜ਼ੇਟਿਵ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 63 ਹੋ ਗਈ ਹੈ। ਸਿਵਲ ਸਰਜਨ ਡਾਕਟਰ ਆਦੇਸ਼ ਕੰਗ ਨੇ ਦੱਸਿਆ ਕਿ ਡਰੋਲੀ ਭਾਈ ਪਿੰਡ ਦੇ ਇਕ ਨੌਜਵਾਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਦੱਸਿਆ ਇਹ ਨੌਜਵਾਨ ਚੇਨਈ ਤੋਂ ਵਾਪਸ ਆਇਆ ਸੀ ਜਿਸ ਦੀ ਕੋਰੋਨਾ ਬਿਮਾਰੀ ਦਾ ਟੈਸਟ 29 ਮਈ ਨੂੰ ਸਵੇਰੇ ਲਿਆ ਗਿਆ ਸੀ ਤੇ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਚੰਡੀਗੜ੍ਹ 'ਚ ਐਤਵਾਰ ਸਵੇਰੇ ਕੋਰੋਨਾ ਦੇ ਦੋ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਦੋਵੇਂ ਮਾਮਲੇ ਹੌਟਸਪਾਟ ਬਾਪੂਧਾਮ ਕਾਲੋਨੀ ਤੋਂ ਹਨ। ਮਰੀਜ਼ਾਂ 'ਚੋਂ ਇਕ 75 ਸਾਲ ਦੀ ਬਜ਼ੁਰਗ ਔਰਤ ਤੇ ਦੂਜੀ 20 ਸਾਲ ਦੀ ਕੁੜੀ ਹੈ। ਹੁਣ ਸ਼ਹਿਰ 'ਚ ਕੋਰੋਨਾ ਦੇ ਕੁੱਲ 291 ਕੇਸ ਹੋ ਗਏ ਹਨ ਜਦਕਿ 199 ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਣ ਤੋਂ ਬਾਅਦ ਡਿਸਚਾਰਜ ਹੋ ਚੁੱਕੇ ਹਨ। ਸ਼ਹਿਰ 'ਚ ਹੁਣ ਤਕ ਕੋਰੋਨਾ ਨਾਲ ਚਾਰ ਮੌਤਾਂ ਹੋਈਆਂ ਹਨ। ਸ਼ਨਿਚਰਵਾਰ ਨੂੰ ਲਗਾਤਾਰ ਦੂਜੇ ਦਿਨ ਸ਼ਹਿਰ 'ਚ ਇਕ ਵੀ ਨਵਾਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ ਸੀ। ਸ਼ਨਿਚਰਵਾਰ ਨੂੰ 22 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਗਏ ਸਨ, ਜਿਨ੍ਹਾਂ 'ਚ ਦੋ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਸ਼ਹਿਰ 'ਚ ਅਜੇ ਤਕ 4,654 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ 'ਚੋਂ 4342 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ਹਿਰ 'ਚ ਇਸ ਸਮੇਂ ਹੁਣ 88 ਕੋਰੋਨਾ ਐਕਟਿਵ ਮਰੀਜ਼ ਹਨ।

Posted By: Amita Verma