ਗੁਰਮੁਖ ਵਾਲੀਆ, ਐੱਸਏਐੱਸ ਨਗਰ : ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਆਈਏ ਸਟਾਫ ਖਰੜ ਦੀ ਟੀਮ ਵੱਲੋਂ ਨਸ਼ੇ ਸਪਲਾਈ ਕਰਨ ਵਾਲੇ ਇਕ ਗਿਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕਰ ਕੇ ਸਾਢੇ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 18 ਕਰੋੜ ਰੁਪਏ ਬਣਦੀ ਹੈ।

ਇਸ ਸਬੰਧੀ ਪੱਤਰਕਾਰ ਸੰਮੇਲਨ ਦੌਰਾਨ ਐੱਸਪੀ ਇਨਵੈਸਟੀਗੇਸ਼ਨ ਹਰਮਨਦੀਪ ਸਿੰਘ ਹਾਂਸ, ਡੀਐੱਸਪੀ ਸਾਈਬਰ ਕਰਾਈਮ ਰੁਪਿੰਦਰਦੀਪ ਕੌਰ ਸੋਹੀ ਤੇ ਡੀਐੱਸਪੀ ਖਰੜ ਪਾਲ ਸਿੰਘ ਨੇ ਦੱਸਿਆ ਕਿ ਇਸ ਗਿਰੋਹ ਦੇ ਪੰਜ ਵਿਅਕਤੀਆਂ ਨੂੰ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਛੱਜੂ ਮਾਜਰਾ ਰੋਡ ਖਰੜ ਵਿਖੇ ਇਕ ਨਾਕੇ 'ਤੇ 1 ਕਿੱਲੋ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਜਦੋਂਕਿ ਇਨ੍ਹਾਂ ਵਿਅਕਤੀਆਂ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਦਿੱਲੀ ਦੇ ਵਿਕਾਸਪੁਰੀ ਤੋਂ ਇਕ ਨਾਈਜ਼ੀਰੀਅਨ ਨੂੰ ਦੋ ਕਿੱਲੋ 200 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਖਰੜ ਦੇ ਇੰਚਾਰਜ ਇੰਸਪੈਕਟਰ ਰਜੇਸ਼ ਗੁਮਾਰ ਸਮੇਤ ਟੀਮ ਵੱਲੋਂ 28 ਮਈ ਨੂੰ ਪਿੰਡ ਛੱਜੂ ਮਾਜਰਾ ਰੋਡ 'ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਵੇਖ ਕੇ ਗੱਡੀਆਂ ਭਜਾਉਣ ਦੀ ਕੋਸ਼ਿਸ਼ ਕਰ ਰਹੇ ਦੋ ਗੱਡੀਆਂ 'ਚ ਸਵਾਰ ਇਕ ਮਹਿਲਾ ਸਮੇਤ ਜਾ ਰਹੇ ਗਿਰੋਹ ਦੇ ਪੰਜ ਮੈਂਬਰਾਂ ਅੰਜੁਲ ਸੋਢੀ ਵਾਸੀ ਸੁਭਾਸ਼ ਬਸਤੀ ਸਿਰਸਾ ਹਰਿਆਣਾ, ਪਰਿਵਾਰ ਸਿੰਘ ਵਾਸੀ ਨੇੜੇ ਕੇਐੱਫਸੀ ਪਿੰਡ ਬੱਲੋਮਾਜਰਾ, ਰਵੀ ਵਰਮਾ ਵਾਸੀ ਸੈਕਟਰ-125 ਸੰਨ ਇਨਕਲੇਵ ਖਰੜ, ਦਲਵਿੰਦਰ ਸਿੰਘ ਉਰਫ ਬਿਟੂ ਵਾਸੀ ਪਿੰਡ ਖਹਿਰਾ ਕਲਾਂ ਥਾਣਾ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ (ਹਾਲ ਵਾਸੀ ਕਿਰਾਏਦਾਰ ਗਲੀ ਨੰਬਰ 2, ਭਾਰਤ ਨਗਰ ਕੰਗਣਪੁਰ ਰੋਡ ਸਿਰਸਾ) ਤੇ ਨੀਲੂ ਪਤਨੀ ਪਵਨ ਕੁਮਾਰ ਵਾਸੀ ਗਲੀ ਨੰਬਰ 2 ਭਾਰਤ ਨਗਰ ਕੰਗਣਪੁਰ ਰੋਡ ਸਿਰਸਾ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਕੋਲੋਂ ਇਕ ਕਿੱਲੋ 300 ਗ੍ਰਾਮ ਹੈਰੋਇਨ ਤੇ ਇਕ ਲੱਖ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦਾ 6 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਸੀ ਕਿ ਇਨ੍ਹਾਂ ਨਾਲ ਇਖ ਨਾਈਜ਼ਾਰੀਅਨ ਨਾਗਰਿੰ ਵੀ ਰਲਿਆ ਹੋਇਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਛਾਪੇਮਾਰੀ ਕਰ ਕੇ ਨਾਈਜ਼ੀਰੀਅਨ ਵਿਅਕਤੀ ਡੇਵਿਡ ਵਾਸੀ ਗਲੀ ਨੰਬਰ 8 ਵਿਕਾਸਪੁਰੀ ਨੇੜੇ ਤਿਲਕ ਨਗਰ (ਨਵੀਂ ਦਿੱਲੀ) ਨੂੰ 31 ਮਈ ਦਿੱਲੀ ਤੋਂ ਕਾਬੂ ਕਰ ਕੇ 2 ਕਿੱਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਕਾਫੀ ਸਮੇਂ ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰ ਰਹੇ ਸਨ। ਦਲਵਿੰਦਰ ਸਿੰਘ ਉਕਤ ਖ਼ਿਲਾਫ਼ ਪਹਿਲਾਂ ਵੀ ਥਾਣਾ ਸਰਦੂਲਗੜ੍ਹ ਤੇ ਥਾਣਾ ਸਿਟੀ 'ਚ ਐੱਨਡੀਪੀਐੱਸ ਐਕਟ ਦਾ ਮਾਮਲਾ ਦਰਜ ਹੈ। ਦਲਵਿੰਦਰ ਸਿੰਘ ਉਰਫ ਬਿੱਟੂ ਕਰੀਬ 4 ਸਾਲ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਹੈ। ਉਹ ਆਪਣੇ ਦੂਸਰੇ ਸਾਥੀਆਂ ਅੰਜੁਲ ਸੋਢੀ ਤੇ ਨੀਲੂ ਨਾਲ ਮਿਲ ਕੇ ਵੱਖ ਪੱਧਰ 'ਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਮਹਿੰਗੇ ਭਾਅ 'ਤੇ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਰਵੀ ਵਰਮਾ ਤੇ ਪਰਿਵਾਰ ਸਿੰਘ ਇਨ੍ਹਾਂ ਦਾ ਸਾਮਾਨ ਮੋਹਾਲੀ ਤੇ ਚੰਡੀਗੜ੍ਹ ਏਰੀਆ 'ਚ ਸਪਲਾਈ ਕਰਦੇ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਖਰੜ ਵਿਖੇ ਹੈਰੋਇਨ ਸਪਲਾਈ ਕਰਨ ਆਏ ਹੋਏ ਸਨ।