ਜੈ ਸਿੰਘ ਛਿੱਬਰ, ਚੰਡੀਗੜ੍ਹ : ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈਣ ਤੋਂ ਖ਼ਫ਼ਾ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮੁੜ ਕੈਪਟਨ ਵਜ਼ਾਰਤ ਵਿਚ ਕੈਬਨਿਟ ਮੰਤਰੀ ਬਣਨਾ ਤੈਅ ਹੋ ਗਿਆ ਹੈ। ਕਰੀਬ ਇਕ ਸਾਲ ਦੇ ਵਕਫ਼ੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਿੱਚ 'ਤੇ ਸਿੱਧੂ ਮੁੜ ਬੱਲੇਬਾਜ਼ੀ ਕਰਨ ਨੂੰ ਤਿਆਰ ਹੋ ਗਏ ਹਨ। ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਦੁਪਹਿਰ ਦੇ ਭੋਜਨ (ਲੰਚ) ਦਾ ਸੱਦਾ ਦਿੱਤਾ ਸੀ ਅਤੇ ਦੋਵੇਂ ਆਗੂਆਂ ਵਿਚਕਾਰ ਕਰੀਬ ਇਕ ਘੰਟੇ ਤਕ ਖੁੱਲ੍ਹ ਕੇ ਗੱਲਾਂ ਹੋਈਆਂ ਹਨ। ਸੂਤਰਾਂ ਅਨੁਸਾਰ ਸਿੱਧੂ ਨੂੰ ਸ਼ਹਿਰੀ ਵਿਕਾਸ ਵਿਭਾਗ ਦਿੱਤਾ ਜਾ ਸਕਦਾ ਹੈ।

ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਠੀਕ ਇਕ ਵਜੇ ਮੁੱਖ ਮੰਤਰੀ ਦੇ ਸਿਸਵਾਂ ਸਥਿਤ ਫਾਰਮ ਹਾਊਸ 'ਤੇ ਪੁੱਜ ਗਏ। ਕਰੀਬ ਇਕ ਘੰਟਾ ਦੋਵਾਂ ਆਗੂਆਂ ਵਿਚਕਾਰ ਲੰਬੀ ਚਰਚਾ ਹੋਈ ਅਤੇ ਕੈਪਟਨ ਨੇ ਸਿੱਧੂ ਨੂੰ ਦੁਬਾਰਾ ਕੈਬਨਿਟ ਵਿਚ ਵਾਪਸ ਆਉਣ ਲਈ ਮਨਾ ਲਿਆ।

ਇੱਥੇ ਦੱਸਿਆ ਜਾਂਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਨੇ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰਦਿਆਂ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਬਿਜਲੀ ਵਿਭਾਗ ਦੇ ਦਿੱਤਾ ਸੀ ਪਰ ਸਿੱਧੂ ਨੇ ਬਿਜਲੀ ਵਿਭਾਗ ਦਾ ਚਾਰਜ ਨਹੀਂ ਲਿਆ ਅਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਿੱਧੂ ਨੇ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਨਾਲ ਪੱਤਰ ਵਿਹਾਰ ਕੀਤਾ ਅਤੇ ਦੁਬਾਰਾ ਸਥਾਨਕ ਸਰਕਾਰਾਂ ਵਿਭਾਗ ਦਾ ਚਾਰਜ ਦੇਣ ਦੀ ਗੱਲ ਕੀਤੀ ਪਰ ਕੈਪਟਨ ਨੇ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਨਾ ਜਿੱਤਣ ਦਾ ਠੀਕਰਾ ਸਿੱਧੂ ਦੇ ਸਿਰ ਭੰਨ੍ਹ ਦਿੱਤਾ ਸੀ।

ਪਰ ਹੁਣ ਸੂਬੇ ਦੀ ਸਿਆਸਤ ਦੇ ਸਮੀਕਰਨ ਬਦਲਣ ਕਾਰਨ ਕਾਂਗਰਸ ਵੱਲੋਂ ਨਵਜੋਤ ਸਿੱਧੂ ਨੂੰ ਸਰਗਰਮ ਸਿਆਸਤ ਵਿਚ ਲਿਆਉਣ ਦੇ ਯਤਨ ਕੀਤੇ ਗਏ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਤੇ ਸਿੱਧੂ ਵਿਚਕਾਰ ਸੁਖਾਵਾਂ ਮਾਹੌਲ ਬਣਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਹਾਈਕਮਾਨ ਵੱਲੋਂ ਸਿੱਧੂ ਦੀ ਕੈਬਨਿਟ ਵਿਚ ਵਾਪਸੀ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ। ਪਾਰਟੀ ਵੱਲੋਂ ਸਾਲ 2022 ਦੀਆਂ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨਵਜੋਤ ਸਿੱਧੂ ਨੂੰ ਹੋਰ ਵੀ ਵੱਡੀ ਜ਼ਿੰੰਮੇਵਾਰੀ ਦਿੱਤੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਲੰਚ ਦਾ ਸੱਦਾ ਦੇਣ 'ਤੇ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਪਰ ਅੱਜ ਦੋਵਾਂ ਆਗੂਆਂ ਵਿਚਕਾਰ ਹੋਈ ਮੀਟਿੰਗ ਬਾਰੇ ਸਰਕਾਰ ਵੱਲੋਂ ਖ਼ਬਰ ਲਿਖੇ ਜਾਣ ਤਕ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ।