* ਚੰਡੀਗੜ੍ਹ 2015 ਪੇਪਰ ਲੀਕ ਮਾਮਲਾ

* 10 ਲੱਖ 'ਚ ਪੇਪਰ ਖ਼ਰੀਦ ਕੇ ਭਰਤੀ ਹੋਣ ਵਾਲੇ ਅਧਿਆਪਕਾਂ 'ਤੇ ਵੱਡੀ ਕਾਰਵਾਈ

ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ

ਚੰਡੀਗੜ੍ਹ ਸਿੱਖਿਆ ਵਿਭਾਗ ਨੇ 42 ਅਧਿਆਪਕਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਹ ਸਾਰੇ ਅਧਿਆਪਕ 2015 ਪੇਪਰ ਲੀਕ ਮਾਮਲੇ 'ਚ ਦੋਸ਼ੀ ਹਨ ਤੇ ਉਨ੍ਹਾਂ ਖ਼ਿਲਾਫ਼ ਪੁਲਿਸ 'ਚ ਮਾਮਲਾ ਦਰਜ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ (ਡੀਐੱਸਈ) ਵੱਲੋਂ ਜਾਰੀ ਹੁਕਮਾਂ 'ਚ ਇਨ੍ਹਾਂ ਅਧਿਆਪਕਾਂ ਦੀ ਤੁਰੰਤ ਪ੍ਰਭਾਵ ਨਾਲ ਸੇਵਾਵਾਂ ਸਮਾਪਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਰੇ ਸਕੂਲ ਪਿ੍ਰੰਸੀਪਲਾਂ ਨੂੰ ਵਿਸ਼ੇਸ਼ ਹੁਕਮ ਜਾਰੀ ਕਰ ਕੇ ਦੋਸ਼ੀ ਅਧਿਆਪਕਾਂ ਨੂੰ ਟਰਮੀਨੇਟ ਕਰਨ ਦੇ ਹੁਕਮ ਦਿੱਤੇ ਹਨ। ਨੌਕਰੀ ਤੋਂ ਕੱਢੇ ਗਏ ਅਧਿਆਪਕਾਂ 'ਚ 34 ਜੇਬੀਟੀ ਤੇ 8 ਟੀਜੀਟੀ ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਕੰਮ ਕਰਦੇ ਸਨ। ਬਰਖ਼ਾਸਤ ਅਧਿਆਪਕਾਂ 'ਚ ਸਾਰੇ ਅਧਿਆਪਕ ਹਰਿਆਣਾ ਨਾਲ ਸਬੰਧ ਰੱਖਦੇ ਹਨ। ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦਾ ਫ਼ੈਸਲਾ 27 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਪੇਪਰ ਲੀਕ ਮਾਮਲੇ 'ਚ ਦਿੱਤੇ ਗਏ ਹੁਕਮਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਦੀ ਅਪਰੂਵਲ ਮਗਰੋਂ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਨਿਰਦੇਸ਼ ਜਾਰੀ ਕੀਤੇ ਹਨ।

1150 ਅਧਿਆਪਕਾਂ ਦੀ ਹੋਈ ਸੀ ਭਰਤੀ

2015 'ਚ ਚੰਡੀਗੜ੍ਹ ਸਿੱਖਿਆ ਵਿਭਾਗ ਨੇ 1150 ਜੇਬੀਟੀ ਤੇ ਟੀਜੀਟੀ ਅਹੁਦਿਆਂ 'ਤੇ ਭਰਤੀ ਲਈ ਲਿਖਤੀ ਪ੍ਰਰੀਖਿਆ ਕਰਵਾਈ ਸੀ। ਪ੍ਰਰੀਖਿਆ ਪੰਜਾਬ ਯੂਨੀਵਰਸਿਟੀ ਦੀ ਰਿਕਰੂਟਮੈਂਟ ਏਜੰਸੀ ਵੱਲੋਂ ਲਈ ਗਈ। ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਇਕ ਪ੍ਰਰੀਖਿਆ 'ਚ ਪੇਪਰ ਲੀਕ ਮਾਮਲੇ 'ਚ ਗਿ੍ਫ਼ਤਾਰ ਦੋਸ਼ੀਆਂ ਤੋਂ ਪਤਾ ਚੱਲਿਆ ਕਿ ਚੰਡੀਗੜ੍ਹ ਅਧਿਆਪਕਾਂ ਦੀ ਭਰਤੀ ਦੀ ਲਿਖਤੀ ਪ੍ਰਰੀਖਿਆ ਦਾ ਪੇਪਰ ਵੀ ਲੀਕ ਹੋਇਆ ਸੀ। ਇਹ ਪੇਪਰ ਅੱਠ ਤੋਂ 10 ਲੱਖ 'ਚ ਵਿਕਿਆ। ਮਾਮਲੇ 'ਚ ਪੁਲਿਸ ਵੱਲੋਂ ਐੱਫਆਈਆਰ ਦਰਜ ਕਰ ਕੇ ਜਾਂਚ ਕੀਤੀ ਗਈ। ਮਾਮਲੇ 'ਚ ਜਾਂਚ ਮਗਰੋਂ 49 ਅਧਿਆਪਕਾਂ ਨੂੰ ਦੋਸ਼ੀ ਪਾਇਆ ਗਿਆ। ਪੈਸੇ ਦੇ ਕੇ ਪੇਪਰ ਕਲੀਅਰ ਕਰਨ ਵਾਲੇ 42 ਮੁਲਜ਼ਮਾਂ ਨੇ ਜੁਆਇਨ ਕਰ ਲਿਆ, ਜਦਕਿ ਸੱਤ ਕੈਂਡੀਡੇਟਸ ਨੇ ਜੁਆਇਨ ਹੀ ਨਹੀਂ ਕੀਤਾ।

850 ਅਧਿਆਪਕਾਂ ਨੂੰ ਹਾਈ ਕੋਰਟ ਨੇ ਦਿੱਤੀ ਸੀ ਰਾਹਤ

ਬੀਤੇ ਚਾਰ ਵਰਿ੍ਹਆਂ ਤੋਂ 850 ਅਧਿਆਪਕਾਂ ਦੀ ਨੌਕਰੀ 'ਤੇ ਤਲਵਾਰ ਲਟਕੀ ਹੋਈ ਸੀ। ਜਾਂਚ ਏਜੰਸੀ ਵੱਲੋਂ ਮਾਮਲੇ 'ਚ ਐੱਫਆਈਆਰ ਦਰਜ ਕੀਤੀ ਗਈ, ਜਿਸ 'ਚ 49 ਅਧਿਆਪਕਾਂ ਦੇ ਨਾਂ ਸ਼ਾਮਲ ਹਨ, ਇਨ੍ਹਾਂ 'ਚ ਕੁਝ ਮਹਿਲਾ ਕੈਂਡੀਡੇਟਸ ਵੀ ਸ਼ਾਮਲ ਹਨ। ਪੇਪਰ ਲੀਕ ਮਾਮਲੇ ਮਗਰੋਂ 30 ਮਈ 2018 ਨੂੰ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਰੀਆਂ 850 ਜੇਬੀਟੀ ਤੇ ਟੀਜੀਟੀ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ। ਮਾਮਲਾ ਕੈਟ (ਚੰਡੀਗੜ੍ਹ ਐਡਮਿਨੀਸਟ੍ਰੇਟਿਵ ਟਿ੍ਬਿਊਨਲ) 'ਚ ਪੁੱਜਾ। ਕੈਟ ਨੇ ਸਾਰੇ ਅਧਿਆਪਕਾਂ ਦੀ ਨੌਕਰੀ ਬਰਕਰਾਰ ਰੱਖਣ ਦੇ ਹੁਕਮ ਦਿੱਤੇ। ਫ਼ੈਸਲੇ ਖ਼ਿਲਾਫ਼ ਸਿੱਖਿਆ ਵਿਭਾਗ ਹਾਈ ਕੋਰਟ ਤਕ ਪੁੱਜਾ ਪਰ ਇੱਥੇ ਹਾਈ ਕੋਰਟ ਨੇ ਅਧਿਆਪਕਾਂ ਦੇ ਪੱਖ 'ਚ ਫ਼ੈਸਲਾ ਦਿੱਤਾ। ਪਰ ਮੁਲਜ਼ਮ ਅਧਿਆਪਕਾਂ ਖ਼ਿਲਾਫ਼ ਕਾਰਵਾਈ ਦੀ ਇਜਾਜ਼ਤ ਦੇ ਦਿੱਤੀ।

ਚਾਰ ਵਰ੍ਹੇ ਤੋਂ ਪ੍ਰਰੋਬੇਸ਼ਨ 'ਤੇ ਅਧਿਆਪਕ

2015 'ਚ ਭਰਤੀ ਜੇਬੀਟੀ ਤੇ ਟੀਜੀਟੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਚਾਰ ਵਰ੍ਹੇ ਪੂਰੇ ਹੋਣ 'ਤੇ ਵੀ ਰੈਗੂਲਰ ਨਹੀਂ ਕੀਤਾ ਗਿਆ ਹੈ। ਪੇਪਰ ਲੀਕ ਮਾਮਲੇ 'ਚ ਕੇਸ ਜਾਰੀ ਹੋਣ ਰਹਿਣ ਕਾਰਨ ਕਿਸੇ ਵੀ ਅਧਿਆਪਕ ਦਾ ਪ੍ਰਰੋਬੇਸ਼ਨ ਪੀਰੀਅਡ ਕਲੀਅਰ ਨਹੀਂ ਕੀਤਾ ਗਿਆ। ਹੁਣ ਅਧਿਆਪਕਾਂ ਨੂੰ ਰੈਗੂਲਰ ਕੀਤੇ ਜਾਣ ਦੀ ਉਮੀਦ ਬੱਝੀ ਹੈ।