* ਸੀਸੀਟੀਵੀ ਕੈਮਰੇ 'ਚ ਦਿਖੀਆਂ ਅੌਰਤਾਂ ਪਿਆਜ਼ ਚੁੱਕ ਕੇ ਫ਼ੁਰਰ ਹੁੰਦੀਆਂ

ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਸੋਨੇ ਦੇ ਗਹਿਣੇ ਤੇ ਹੋਰ ਸਾਜ਼ੋ ਸਾਮਾਨ ਤਾਂ ਚੋਰੀ ਹੁੰਦਾ ਸੁਣਿਆ ਸੀ ਹੁਣ ਪਿਆਜ਼ ਵੀ ਕੀਮਤੀ ਵਸਤੂਆਂ ਵਾਂਗ ਚੋਰੀ ਹੋਣ ਕਰ ਕੇ ਸਰਕਾਰ ਦੀ ਚੰਗੀ ਖਿੱਲੀ ਉੱਡ ਰਹੀ ਹੈ। ਘਟਨਾ 'ਪਾਪਾ ਜੀ' ਢਾਬੇ ਦੀ ਹੈ ਜਿੱਥੋਂ 40 ਕਿੱਲੋ ਪਿਆਜ਼ ਚੋਰੀ ਹੋਣ ਕਰ ਕੇ ਮਾਮਲਾ ਮੋਹਾਲੀ 'ਚ ਚੰਗਾ ਸੁਰਖੀਆਂ ਬਟੋਰ ਰਿਹਾ ਹੈ। ਘਟਨਾ ਮਗਰੋਂ ਜਿੱਥੇ ਲੋਕ ਇਸ ਗੱਲ ਨੂੰ ਲੈ ਕੇ ਚੁਸਕੀਆਂ ਲੈ ਰਹੇ ਹਨ ਉਥੇ ਹੀ ਸਰਕਾਰ ਨੂੰ ਮਹਿੰਗਾਈ ਦੇ ਦੌਰ ਵਿਚ ਲਾਹਣਤਾਂ ਵੀ ਪਾ ਰਹੇ ਹਨ। ਮੋਹਾਲੀ ਦੇ ਫ਼ੇਜ਼ 7 ਸਥਿਤ ਦੁਕਾਨ ਵਿਚ ਚੋਰੀ ਹੋਣ ਤੋਂ ਬਾਅਦ ਆਮ ਦੁਕਾਨਦਾਰਾਂ ਨੇ ਵੀ ਚੋਰਾਂ ਤੋਂ ਹਾਲ ਦੁਹਾਈ ਕੀਤੀ ਹੈ।

ਦੁਕਾਨ ਦੇ ਮਾਲਕ ਰਾਜਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਨਿਚਰਵਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਮੰਡੀ ਤੋਂ ਸਬਜ਼ੀਆਂ ਅਤੇ ਪਿਆਜ਼ ਮੰਗਵਾਇਆ ਗਿਆ ਸੀ ਅਤੇ ਮੰਡੀ ਦੇ ਦੁਕਾਨਦਾਰ ਦੀ ਗੱਡੀ ਵਾਲਾ ਰੋਜ਼ਾਨਾ ਵਾਂਗ ਅੱਜ ਵੀ ਉਨ੍ਹਾਂ ਦੇ ਸ਼ੋਅਰੂਮ ਦੇ ਪਿਛਲੇ ਪਾਸੇ ਸਬਜ਼ੀਆਂ ਲਾਹ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਕਰਮਚਾਰੀ ਪਿਆਜ ਲੈਣ ਲਈ ਪਿਛਲੇ ਪਾਸੇ ਗਿਆ ਤਾਂ ਉੱਥੇ ਬਾਕੀ ਦਾ ਸਾਰਾ ਸਾਮਾਨ ਪਿਆ ਸੀ ਪਰ ਪਿਆਜ਼ ਨਹੀਂ ਸੀ ਜਿਸਤੇ ਉਹਨਾਂ ਦੇ ਕਰਮਚਾਰੀ ਨੇ ਉਹਨਾਂ ਨੂੰ ਪਿਆਜ ਨਾ ਆਉਣ ਦੀ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਮੰਡੀ ਦੇ ਦੁਕਾਨਦਾਰ ਨੂੰ ਫੋਨ ਕੀਤਾ ਕਿ ਪਿਆਜ਼ ਨਹੀਂ ਭਿਜਵਾਏ ਜਿਸਤੇ ਮੰਡੀ ਵਾਲੇ ਨੇ ਕਿਹਾ ਕਿ ਪਿਆਜ ਦੇ ਤਿੰਨ ਪੈਕਟਾਂ ਵਿਚ ਪਿਆਜ਼ ਉਸੇ ਜਗ੍ਹਾ 'ਤੇ ਲਾਹੇ ਗਏ ਸਨ ।

ਰਾਜਿੰਦਰ ਸਿੰਘ ਨੇ ਬਾਅਦ ਉਹਨਾਂ ਨੇ ਪਿਛਲੇ ਪਾਸੇ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਵੇਖੀ ਜਿਸ ਵਿੱਚ ਦੋ ਅੌਰਤਾਂ (ਜਿਹਨਾ ਨੇ ਥੈਲੇ ਚੁੱਕੇ ਹੋਏ ਸੀ ਅਤੇ ਕਬਾੜ ਆਦਿ ਚੁੱਕਣ ਵਾਲੀਆਂ ਲੱਗਦੀਆਂ ਸਨਂ) ਉਨ੍ਹਾਂ ਦੀ ਦੁਕਾਨ ਦੇ ਪਿਛਲੇ ਪਾਸੋੇ ਤੋਂ ਪਿਆਜ਼ ਲੈ ਕੇ ਜਾ ਰਹੀਆਂ ਦਿਖ ਰਹੀਆਂ ਸਨ।

ਸ੍. ਰਜਿੰਦਰ ਸਿੰਘ ਕਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਕੀਮਤ ਵੱਧ ਰਹੀ ਹੈ ਉਸ ਕਾਰਨ ਦੁਕਾਨਦਾਰੀ ਕਰਨੀ ਮੁਸ਼ਕਿਲ ਹੋ ਰਹੀ ਹੈ। ਅਜਿਹੇ ਵਿਚ ਪਿਆਜ਼ ਚੋਰੀ ਹੋ ਜਾਣ ਨਾਲ ਉਨ੍ਹਾਂ ਨੂੰ ਕਰੀਬ 4 ਹਜਾਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸੀ ਸੀ ਟੀ ਵੀ ਵਿੱਚ ਦਿਖੀਆਂ ਅੌਰਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੂੰ ਸ਼ਿਕਾਇਤ ਦਿੱਤੇ ਜਾਣ ਬਾਰੇ ਉਹਨਾਂ ਕਿਹਾ ਕਿ ਇਸ ਚੋਰੀ ਦੀ ਕੀ ਰਿਪੋਰਟ ਲਿਖਵਾਈਏ, ਉਨ੍ਹਾਂ ਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਚੁੱਕਿਆ ਹੈ।