ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਇੰਡਸਟਰੀਅਲ ਏਰੀਆ ਫੇਜ਼-8 ਪੁਲਿਸ ਚੌਕੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਟਾਟਾ ਜ਼ੈਸਟ ਗੱਡੀ 'ਚ ਲਿਆਂਦੀ ਜਾ ਰਹੀਆਂ ਨਾਜਾਇਜ਼ ਸ਼ਰਾਬ ਦੀਆਂ 40 ਪੇਟੀਆਂ ਬਰਾਮਦ ਕੀਤੀਆਂ ਹਨ। ਹਾਲਾਂਕਿ ਗੱਡੀ ਚਾਲਕ ਨੂੰ ਪੁਲਿਸ ਗਿ੍ਫ਼ਤਾਰ ਨਹੀਂ ਕਰ ਪਾਈ ਹੈ। ਪੁਲਿਸ ਨੇ ਸ਼ਰਾਬ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੇਜ਼-8 ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਹੌਲਦਾਰ ਰਛਪਾਲ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕਾਲੇ ਰੰਗ ਦੀ ਟਾਟਾ ਜ਼ੈਸਟ ਗੱਡੀ ਵਿਚ ਚੰਡੀਗੜ੍ਹ ਦੀ ਸ਼ਰਾਬ ਪੰਜਾਬ 'ਚ ਲਿਆਂਦੀ ਜਾ ਰਹੀ ਹੈ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਪੀਸੀਐੱਲ ਚੌਕ ਨੇੜੇ ਪੀਬੀ-11, ਜ਼ੈੱਡਐੱਲ-7989 ਨੰਬਰ ਕਾਲੇ ਰੰਗ ਦੀ ਟਾਟਾ ਜ਼ੈਸਟ ਗੱਡੀ ਨੂੰ ਆਉਂਦੇ ਵੇਖਿਆ ਪਰ ਨਾਕੇ 'ਤੇ ਪੁੱਜਣ ਤੋਂ ਪਹਿਲਾਂ ਹੀ ਚਾਲਕ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ 'ਚੋਂ ਚੰਡੀਗੜ੍ਹ ਨਿਸ਼ਾਨ ਟਰਿਪਲ 9 ਪਾਵਰ ਸਟਾਰ ਫਾਈਨ ਵ੍ਹੀਸਕੀ ਦੀਆਂ 40 ਪੇਟੀਆਂ ਬਰਾਮਦ ਹੋਈਆਂ।