-ਬਲੌਂਗੀ ਤੇ ਖਰੜ ਇਲਾਕੇ 'ਚ 43 ਚੋਰੀਆਂ ਨੂੰ ਦੇ ਚੁੱਕੇ ਹਨ ਅੰਜ਼ਾਮ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਬਲੌਂਗੀ ਅਤੇ ਖਰੜ ਇਲਾਕੇ 'ਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਖਰੜ, ਬਲੌਂਗੀ ਅਤੇ ਮੁਹਾਲੀ ਤੋਂ 43 ਮੋਟਰਸਾਈਕਲ ਚੋਰੀ ਕੀਤੇ ਹਨ, ਜਿਨ੍ਹਾਂ 'ਚੋਂ ਬਲੌਂਗੀ ਪੁਲਿਸ ਨੇ 10 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਐੱਸਐੱਚਓ ਬਲੌਂਗੀ ਪਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਦੋ ਵੱਖ-ਵੱਖ ਐੱਫਆਈਆਰ ਦਰਜ ਕਰਕੇ ਚਾਰੋਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਵਾਸੀ ਪਿੰਡ ਮਡੌਲੀ ਵਾਸੀ ਮੋਡਿੰਰਾ ਜ਼ਿਲ੍ਹਾ ਰੋਪੜ, ਅੰਮਿ੍ਤਪਾਲ ਉਰਫ਼ ਕਾਕਾ ਵਾਸੀ ਪਿੰਡ ਅਭੈਪੁਰ, ਕਰਨ ਸਿੰਘ ਉਰਫ਼ ਭੋਲਾ ਵਾਸੀ ਪਿੰਡ ਦੇਸੂਮਾਜਰਾ ਤੇ ਅਰਸ਼ ਅਲੀ ਉਰਫ ਲੰਬੂ ਵਾਸੀ ਪਿੰਡ ਦੇਸੂਮਾਜਰਾ ਵਜੋਂ ਹੋਈ ਹੈ। ਪੁਲਿਸ ਰਿਮਾਂਡ ਦੌਰਾਨ ਸਾਰੇ ਮੁਲਜ਼ਮਾਂ ਕੋਲੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਹੋਏ ਹਨ। ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਚਾਰੋਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ।

-----------

ਬਲੌਂਗੀ ਤੇ ਖਰੜ ਇਲਾਕੇ 'ਚ ਹੋਈਆਂ ਸਭ ਤੋਂ ਵੱਧ ਚੋਰੀਆਂ

ਐੱਸਐੱਚਓ ਬਲੌਂਗੀ ਨੇ ਦੱਸਿਆ ਕਿ ਮੁਲਜ਼ਮ ਗਿਰੋਹ ਪਿਛਲੇ ਕਾਫ਼ੀ ਸਮੇਂ ਤੋਂ ਮੁਹਾਲੀ 'ਚ ਸਰਗਰਮ ਹੈ। ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਚੋਰੀ ਦੇ ਕਈ ਕੇਸ ਦਰਜ ਹਨ। ਮੁਲਜ਼ਮ ਜ਼ਿਆਦਾਤਰ ਮੋਟਰਸਾਈਕਲ ਖਰੜ ਅਤੇ ਬਲੌਂਗੀ ਇਲਾਕੇ 'ਚ ਚੋਰੀ ਕਰਦੇ ਸਨ। ਉਹ ਚੋਰੀ ਦੇ ਮੋਟਰਸਾਈਕਲਾਂ ਨੂੰ ਅਣਪਛਾਤੀ ਥਾਂ 'ਤੇ ਲੁਕਾ ਲੈਂਦੇ ਸੀ ਅਤੇ ਵਾਰਦਾਤ ਸਮੇਂ ਵਰਤੋਂ 'ਚ ਲਿਆਉਂਦੇ ਸੀ। ਐੱਸਐੱਚਓ ਨੇ ਦੱਸਿਆ ਕਿ ਇਸ ਗਿਰੋਹ ਦੀ ਗਿ੍ਫ਼ਤਾਰੀ ਕਾਰਨ ਬਲੌਂਗੀ ਅਤੇ ਖਰੜ ਇਲਾਕੇ 'ਚ ਚੋਰੀ ਦੀਆਂ ਕਈ ਵਾਰਦਾਤਾਂ ਦਾ ਪਤਾ ਲੱਗਾ ਹੈ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਹੁਣ ਤਕ 43 ਮੋਟਰਸਾਈਕਲ ਚੋਰੀ ਕਰ ਚੁੱਕਾ ਹੈ।

-----

ਜਦੋਂ ਉਹ ਚੋਰੀ ਦਾ ਮੋਟਰਸਾਈਕਲ ਵੇਚਣ ਆਇਆ ਤਾਂ ਪੁਲਿਸ ਨੇ ਕਾਬੂ ਕੀਤਾ

ਵਾਹਨ ਚੋਰ ਗਿਰੋਹ ਦੇ ਲੋਕਾਂ ਨੇ 28 ਅਗਸਤ ਨੂੰ ਬਲੌਂਗੀ ਦੀ ਦਸਮੇਸ਼ ਕਾਲੋਨੀ 'ਚ ਵੋਲਟਾਸ ਕੰਪਨੀ ਦੇ ਬਾਹਰੋਂ ਵਾਹਨ ਚੋਰ ਗਿਰੋਹ ਦੇ ਲੋਕਾਂ ਨੇ ਗੁਰਜੰਟ ਸਿੰਘ ਨਾਮਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਲਿਆ ਸੀ। ਇਸ ਦੇ ਨਾਲ ਹੀ ਦੂਜਾ ਮੋਟਰਸਾਈਕਲ ਸੁਨੀਲ ਕੁਮਾਰ ਵਾਸੀ ਸੈਕਟਰ-70 ਚੋਰੀ ਹੋ ਗਿਆ। ਇਸ ਮਾਮਲੇ 'ਚ ਬਲੌਂਗੀ ਥਾਣੇ 'ਚ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਗਿਆ ਸੀ। 6 ਸਤੰਬਰ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਅੰਮਿ੍ਤਪਾਲ ਉਰਫ਼ ਕਾਕਾ ਨੂੰ ਗਿ੍ਫ਼ਤਾਰ ਕੀਤਾ ਸੀ। ਕਾਕਾ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਅਭੈਪੁਰ ਆਇਆ ਹੋਇਆ ਸੀ। ਕਾਕੇ ਦੀ ਨਿਸ਼ਾਨਦੇਹੀ 'ਤੇ ਤਿੰਨ ਹੋਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ।