ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਅਧਿਕਾਰੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਨੇ ਇਸ ਕਾਲਜ ਅਤੇ ਹਸਪਤਾਲ ਲਈ 341.50 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਵਿਵਸਥਾ ਕੀਤੀ ਗਈ ਹੈ। ਡਾ. ਵੇਰਕਾ ਅੱਜ ਇੱਥੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਡਾ. ਵੇਰਕਾ ਨੇ ਕਿਹਾ ਇਸ ਸਮੇਂ ਮੈਡੀਕਲ ਕਾਲਜ ’ਚ 190.36 ਕਰੋੜ ਦੇ ਪ੍ਰਾਜੈਕਟ ਚੱਲ ਰਹੇ ਹਨ। ਇਨ੍ਹਾਂ ’ਚੋਂ ਰੈਜ਼ੀਡੈਂਟ ਹੋਸਟਲ, ਸਟੇਟ ਕੈਂਸਰ ਇੰਸਟੀਚਿਊਟ, ਗਰਲਜ਼ ਹੋਸਟਲਜ਼ ਦਾ ਕੰਮ ਇਸੇ ਸਾਲ ਅਕੂਤਬਰ ’ਚ ਮੁਕੰਮਲ ਹੋ ਜਾਵੇਗਾ ਜਦਕਿ ਗਰੁੱਪ ਸੀ./ਡੀ ਲਈ 50 ਕੁਆਟਰ, ਮੋਰਚਰੀ, ਡੈਂਟਲ ਹੋਸਟਲਜ਼ ਅਤੇ ਨਰਸਿੰਗ ਹੋਸਟਲ ਇਸੇ ਸਾਲ ਦਸਬੰਰ ’ਚ ਬਣ ਕੇ ਤਿਆਰ ਹੋ ਜਾਣ ਦੀ ਸੰਭਾਵਨਾ ਹੈ। 104 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਮਾਰਚ 2022 ’ਚ ਮੁਕੰਮਲ ਹੋ ਜਾਵੇਗਾ। ਇਸ ਦਾ ਇਸੇ ਸਮੇਂ ਤਕ 60 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ।

ਗੌਰਤਲਬ ਹੈ ਕਿ ਮੈਡੀਕਲ ਕਾਲਜ ’ਚ 16.5 ਕਰੋੜ ਰੁਪਏ ਦੇ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਜਿਨ੍ਹਾਂ ’ਚ ਬੇਸਿਕ ਸਾਇੰਸ ਬਲਾਕ ਅਤੇ ਸਟੂਡੈਂਟ ਸੈਂਟਰ ਸ਼ਾਮਲ ਹਨ। ਡਾ. ਵੇਰਕਾ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ’ਚ 134.64 ਕਰੋੜ ਰੁਪਏ ਦੇ ਹੋਰ ਨਵੇਂ ਪ੍ਰਾਜੈਕਟ ਪ੍ਰਵਾਨਗੀ ਦੀ ਪ੍ਰਕਿਰਿਆ ਅਧੀਨ ਹਨ। ਇਨ੍ਹਾਂ ’ਚ ਐੱਸ.ਟੀ.ਪੀ., ਈ.ਟੀ.ਪੀ., ਸੀਵਰੇਜ ਲਾਈਨ, ਵਾਰਡਨ ਹਾਊਸਜ਼, ਓਪਨ ਏਅਰ ਥੀਏਟਰ, ਡਾਕਰਟਾਂ ਦੀ ਰਿਹਾਇਸ਼, ਲੜਕਿਆਂ ਦਾ ਨਵਾਂ ਹੋਸਟਲ, ਖੇਡ ਸੁਵਿਧਾਵਾਂ, ਟੀਬੀ ਹਸਪਤਾਲ, ਮਾਡਲ ਬਲੱਡ ਬੈਂਕ, ਟਰੌਮਾ ਸੈਂਟਰ/ਐਮਰਜੈਂਸੀ ਬਲਾਕ ਦਾ ਕੰਮ ਸ਼ਾਮਲ ਹਨ ਜਿਸਨੂੰ ਦਸੰਬਰ 2022 ਤਕ ਪੂਰੇ ਕੀਤੇ ਜਾਣ ਦਾ ਪ੍ਰਸਤਾਵ ਹੈ ਜਦਕਿ ਟਰੌਮਾ ਸੈਂਟਰ/ਐਮਰਜੈਂਸੀ ਬਲਾਕ ਨੂੰ ਮੁਕੰਮਲ ਕਰਨ ਦਾ ਟੀਚਾ ਮਾਰਚ 2023 ਨਿਰਧਾਰਤ ਕੀਤਾ ਗਿਆ ਹੈ।

Posted By: Jagjit Singh