ਚੰਡੀਗੜ੍ਹ : ਪੰਜਾਬ ਵਿਚ ਸਵਾਈਨ ਫਲੂ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਹੁਣ ਤਕ 34 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ ਚਾਰ ਦੀ ਜਾਂਚ ਕੀਤੀ ਜਾ ਰਹੀ ਹੈ। ਸੂਬੇ ਭਰ 'ਚ ਵੱਧ ਰਹੇ ਸਵਾਈਨ ਫਲੂ ਦੇ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੀ ਹਰਕਤ ਵਿਚ ਆ ਗਈ ਹੈ। ਕੇਂਦਰੀ ਸਿਹਤ ਟੀਮ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਦੇਸ਼ ਦੇ ਸਵਾਈਨ ਫਲੂ ਨਾਲ ਪ੍ਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਟੀਮ ਸੋਮਵਾਰ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾ. ਆਰਕੇ ਗੁਪਤਾ ਦੀ ਅਗਵਾਈ ਵਿਚ ਪੰਜਾਬ ਆਈ ਸੀ। ਟੀਮ ਨੇ ਵਿਭਾਗ ਦੇ ਵਧੀਕ ਚੀਫ਼ ਸਕੱਤਰ ਸਤੀਸ਼ ਚੰਦਰਾ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸਤੀਸ਼ ਚੰਦਰਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ।

ਸਤੀਸ਼ ਚੰਦਰਾ ਨੇ ਟੀਮ ਨੂੰ ਦੱਸਿਆ ਕਿ ਪੰਜਾਬ ਵਿਚ 327 ਕੇਸ ਕਨਫਰਮ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 30 ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਚਾਰ ਕੇਸ ਹੋਰ ਰਿਪੋਰਟ ਹੋਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਦੇ ਹਸਪਤਾਲਾਂ ਵਿਚ ਵੈਂਟੀਲੇਟਰ ਦੀ ਘਾਟ

ਪੰਜਾਬ ਦੇ ਜਲੰਧਰ ਸਥਿਤ ਹਸਪਤਾਲ ਨੂੰ ਛੱਡ ਕੇ ਕਿਸੇ ਵੀ ਹਸਪਤਾਲ ਵਿਚ ਵੈਂਟੀਲੇਟਰ ਨਹੀਂ ਹੈ। ਪੰਜਾਬ ਵਿਚ ਤਿੰਨਾਂ ਮੈਡੀਕਲ ਕਾਲਜਾਂ ਵਿਚ 34 ਵੈਂਟੀਲੇਟਰ ਹਨ, ਜਦਕਿ ਪੂਰੇ ਸੂਬੇ ਵਿਚ 100 ਦੇ ਕਰੀਬ ਵੈਂਟੀਲੇਟਰਾਂ ਦੀ ਲੋੜ ਹੈ। ਸਤੀਸ਼ ਚੰਦਰਾ ਨੇ ਮੰਨਿਆ ਕਿ ਸਰਕਾਰੀ ਹਸਪਤਾਲਾਂ ਵਿਚ ਵੈਂਟੀਲੇਟਰਾਂ ਦੀ ਘਾਟ ਹੈ ਪਰ ਅਗਲੇ ਸਾਲ ਤਕ ਇਨ੍ਹਾਂ ਦੀ ਗਿਣਤੀ 100 ਕਰਨ ਲਈ ਕੰਮ ਕੀਤੀ ਜਾ ਰਹੀ ਹੈ। ਟੀਮ ਨੇ ਵਿਭਾਗ ਨੂੰ ਲੈਬਾਂ ਦੀ ਗਿਣਤੀ ਵਧਾਉਣ ਦੀ ਵੀ ਮੰਗ ਕੀਤੀ। ਸਤੀਸ਼ ਚੰਦਰਾ ਨੇ ਦੱਸਿਆ ਕਿ ਵਿਭਾਗ ਕੋਲ ਪਟਿਆਲਾ ਤੇ ਅੰਮਿ੍ਤਸਰ ਵਿਚ ਦੋ ਲੈਬਾਂ ਹਨ। ਵਿਭਾਗ ਦੇ ਵਧੀਕ ਚੀਫ਼ ਸਕੱਤਰ ਨੇ ਦਾਅਵਾ ਕੀਤਾ ਕਿ ਕੇਂਦਰੀ ਟੀਮ ਪੰਜਾਬ ਵਿਚ ਸਵਾਈਨ ਫਲੂ ਵਿਰੁੱਧ ਤਿਆਰੀ ਨੂੰ ਲੈ ਕੇ ਸੰਤੁਸ਼ਟ ਸੀ।

2016 'ਚ ਹੋਈਆਂ ਸਨ 80 ਮੌਤਾਂ

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਹਰੇਕ ਸਾਲ ਸਵਾਈਨ ਫਲੂ ਕਾਰਨ ਮੌਤਾਂ ਹੋ ਰਹੀਆਂ ਹਨ। 2016 ਵਿਚ ਸਭ ਤੋਂ ਵੱਧ 80 ਮੌਤਾਂ ਹੋਈਆਂ ਸਨ। 2017 ਵਿਚ 17 ਮੌਤਾਂ ਰਿਕਾਰਡ ਕੀਤੀਆਂ ਗਈਆਂ ਪਰ ਇਸ ਸਾਲ ਇਹ ਗਿਣਤੀ 2017 ਦੇ ਮੁਕਾਬਲੇ ਦੁੱਗਣੀ ਹੋ ਗਈ ਹੈ।