ਨਿਰਮਲ ਸਿੰਘ ਮਨਸ਼ਾਹੀਆ, ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ 25ਵੇਂ ਪੰਜਾਬੀ ਪਰਵਾਸੀ ਦਿਵਸ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਇੰਟਰਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ (ਆਈਸੀਐੱਸਆਈ) ਅਤੇ ਪੰਜਾਬ ਸਰਕਾਰ ਨੇ ਸਾਂਝੇ ਤੌਰ `ਤੇ ਮਿਲ ਕੇ ਕਰਵਾਇਆ ਹੈ।

ਆਪਣੇ ਸੰਬੋਧਨ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹ ਭਰੋਸਾ ਦਿਵਾਉਂਦੇ ਹਨ ਕਿ ਪੰਜਾਬ ਇਕ ਵਾਰ ਫਿਰ ਤਰੱਕੀ ਅਤੇ ਖ਼ੁਸ਼ਹਾਲੀ ਦੀਆਂ ਰਾਹਾਂ ਉੱਤੇ ਹੋਵੇਗਾ ਅਤੇ ਇਸ ਮਕਸਦ ਲਈ ਸਭਨਾਂ ਪੰਜਾਬੀਆਂ ਦਾ ਯੋਗਦਾਨ ਬਹੁਤ ਲੋਂੜੀਦਾ ਹੈ। ਉਨ੍ਹਾਂ ਕਿਹਾ ਕਿ ਇਕ ਪੰਜਾਬੀ ਹੋਣ ਦੇ ਨਾਤੇ ਉਹ ਚਾਹੁੰਦੇ ਹਨ ਕਿ ਸਾਡੀ ਅਗਲੀ ਪੀੜ੍ਹੀ ਖੁਸ਼ਹਾਲੀ ਅਤੇ ਸਿਹਤਮੰਦ ਜ਼ਿੰਦਗੀ ਜੀਵੇ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਮਾਤ ਭੂਮੀ ਦੀ ਪੂਰੀ ਸਿਰੜ ਨਾਲ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਨੂੰ ਸੂਬੇ ਦੀ ਖੁਸ਼ਹਾਲੀ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਜਾਂ ਦੇਸ਼ ਦੀ ਵਿਆਖਿਆ ਉੱਥੋਂ ਦੀ ਭੂਗੋਲਿਕ ਸਥਿਤੀ ਨਹੀਂ ਬਲਕਿ ਲੋਕਾਂ ਦੀ ਸ਼ਖ਼ਸੀਅਤ ਨਾਲ ਤੈਅ ਹੁੰਦੀ ਹੈ। ਇਸ ਪੱਖੋਂ ਪੰਜਾਬੀਆਂ ਦੇ ਉੱਚੇ-ਸੁੱਚੇ ਕਿਰਦਾਰ ਦੀ ਉਨ੍ਹਾਂ ਜ਼ਬਰਦਸਤ ਤਾਰੀਫ ਕੀਤੀ। ਇਸ ਦੇ ਨਾਲ ਹੀ ਆਜ਼ਾਦੀ ਅੰਦੋਲਨ ਵਿਚ ਪੰਜਾਬੀਆਂ ਦੇ ਯੋਗਦਾਨ ਬਾਰੇ ਵੀ ਉਨ੍ਹਾਂ ਵਿਸਥਾਰ ਵਿਚ ਗੱਲ ਕੀਤੀ।

ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਭਾਰਤ ਅਗਲੀ ਸੁਪਰ ਪਾਵਰ ਹੋਵੇਗਾ ਅਤੇ ਉਹ ਜਿਊਂਦੇ ਜੀਅ ਹੀ ਭਾਰਤ ਦੀ ਇਹ ਪ੍ਰਾਪਤੀ ਵੇਖ ਲੈਣਗੇ। ਇਸ ਮੌਕੇ ਉਨ੍ਹਾਂ ਆਈਸੀਐੱਸਆਈ ਦਾ ਇਕ ਭਵਿੱਖਮੁਖੀ ਸੋਚ ਵਾਲਾ ਦਸਤਾਵੇਜ਼ (ਵਿਜ਼ਨ ਡਾਕੂਮੈਂਟ) ਵੀ ਜਾਰੀ ਕੀਤਾ ਜਿਸ ਵਿਚ ਸੇਵਾ ਖੇਤਰ ਦੇ ਵਿਕਾਸ ਦਾ ਖਰੜਾ ਉਲੀਕਿਆ ਗਿਆ ਹੈ ਜਿਸ ਨਾਲ ਕਿ ਪੰਜਾਬ ਦੀ ਵਿੱਤੀ ਹਾਲਤ ਵਿਚ ਸੁਧਾਰ ਹੋ ਸਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਲਿਆਂਦਾ ਜਾ ਸਕੇ।

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਹਾਲਾਂਕਿ ਸੇਵਾ ਖੇਤਰ ਵਿਚ ਥੋੜ੍ਹਾ ਪਿੱਛੇ ਚੱਲ ਰਿਹਾ ਹੈ ਪਰ ਪੰਜਾਬ ਸਰਕਾਰ ਹੁਣ ਇਸ ਖੇਤਰ ਵੱਲ ਖਾਸ ਤਵੱਜੋਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜ਼ਿਆਦਾ ਨਿਵੇਸ਼ ਲਿਆਉਣ ਲਈ ਅਤੇ ਸੈਰ-ਸਪਾਟਾ ਖੇਤਰ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ (ਗ੍ਰਹਿ) ਐੱਨਐੱਸ ਕਲਸੀ, ਪ੍ਰਮੁੱਖ ਸਕੱਤਰ (ਪਰਵਾਸੀ ਮਾਮਲੇ) ਐੱਸਆਰ ਲੱਧੜ, ਏਡੀਜੀਪੀ (ਐੱਨਆਰਆਈ ਵਿੰਗ) ਈਸ਼ਵਰ ਸਿੰਘ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਆਈਸੀਐੱਸਆਈ ਦੇ ਡੀਜੀ ਗੁਲਸ਼ਨ ਸ਼ਰਮਾ ਅਤੇ ਆਈਸੀਐੱਸਆਈ ਬੈਂਕਾਕ (ਥਾਈਲੈਂਡ) ਦੇ ਪ੍ਰਧਾਨ ਪਾਲ ਨਰੂਲਾ ਹਾਜ਼ਰ ਸਨ।

Posted By: Seema Anand