ਕਮਲ ਜੋਸ਼ੀ, ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਨੂੰ ਕੋਰੋਨਾ ਇਨਫੈਕਸ਼ਨ ਤੋਂ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੂਬੇ ਦੀਆਂ ਅੱਧੀਆਂ ਤੋਂ ਜ਼ਿਆਦਾ ਜੇਲ੍ਹਾਂ 'ਚ ਕੋਰੋਨਾ ਵਾਇਰਸ ਦਾ ਡੰਗ ਦਾਖ਼ਲ ਹੋ ਚੁੱਕਾ ਹੈ। ਜੇਲ੍ਹ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ 'ਚ ਬੰਦ ਪੁਰਾਣੀਆਂ ਕੈਦੀਆਂ ਵਾਲੀਆਂ 13 ਜੇਲ੍ਹਾਂ 'ਚ ਹੁਣ ਤਕ 230 ਕੈਦੀ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਇਸ ਦੇ ਇਲਾਵਾ ਜੇਲ੍ਹਾਂ 'ਚ ਤਾਇਨਾਤ 50 ਦੇ ਲਗਪਗ ਮੁਲਾਜ਼ਮ ਵੀ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਪਾਜ਼ੇਟਿਵ ਪਾਏ ਗਏ ਕੈਦੀਆਂ 'ਚੋਂ ਲਗਪਗ 150 ਨੂੰ ਕੋਵਿਡ ਕੇਅਰ ਸੈਂਟਰ 'ਚ ਤਬਦੀਲ ਕੀਤੀ ਗਈ ਮਾਲੇਰਕੋਟਲਾ ਤੇ ਗੁਰਦਾਸਪੁਰ ਜੇਲ੍ਹ 'ਚ ਭੇਜਿਆ ਜਾ ਚੁੱਕਾ ਹੈ। ਜੇਲ੍ਹਾਂ 'ਚ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਲਈ ਜੇਲ੍ਹ ਵਿਭਾਗ ਨੇ ਹੁਣ ਇਨ੍ਹਾਂ ਜੇਲ੍ਹਾਂ 'ਚ ਬੰਦ ਸਾਰੇ ਕੈਦੀਆਂ ਦਾ ਕੋਵਿਡ ਟੈਸਟ ਕਰਾਉਣ ਦਾ ਫ਼ੈਸਲਾ ਕੀਤਾ ਹੈ।

ਏਡੀਜੀਪੀ ਜੇਲ੍ਹ ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਜਿਨ੍ਹਾਂ ਜੇਲ੍ਹਾਂ 'ਚ ਕੋਰੋਨਾ ਇਨਫੈਕਟਿਡ ਕੈਦੀ ਪਾਏ ਜਾ ਚੁੱਕੇ ਹਨ ਉਨ੍ਹਾਂ 'ਚ ਹੁਣ ਹਰ ਕੈਦੀ ਤੇ ਸਟਾਫ ਦੇ ਮੈਂਬਰ ਦਾ ਕੋਵਿਡ ਟੈਸਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤਕ ਜੇਲ੍ਹਾਂ 'ਚ ਬੰਦ ਲਗਪਗ 10 ਹਜ਼ਾਰ ਕੈਦੀਆਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਚੁੱਕਾ ਹੈ। ਇਨ੍ਹਾਂ 'ਚੋਂ ਲਗਪਗ 8,500 ਕੈਦੀਆਂ ਦੀ ਟੈਸਟ ਰਿਪੋਰਟ ਵੀ ਮਿਲ ਚੁੱਕੀ ਹੈ। ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਅੰਮ੍ਰਿਤਸਰ, ਫਰੀਦਕੋਟ ਤੇ ਲੁਧਿਆਣਾ ਜੇਲ੍ਹਾਂ 'ਚ ਪਾਏ ਗਏ ਹਨ।

Posted By: Jagjit Singh