ਕੈਲਾਸ਼ ਨਾਥ, ਚੰਡੀਗੜ੍ਹ : ਕੋਰੋਨਾ ਵੈਕਸੀਨ ਸਬੰਧੀ ਲੋਕਾਂ 'ਚ ਅਜੇ ਵੀ ਡਰ ਤੇ ਅਫਵਾਹਾਂ ਦਾ ਮਾਹੌਲ ਹੈ। ਵੱਡੀ ਗਿਣਤੀ 'ਚ ਲੋਕ ਅਜੇ ਵੀ ਵੈਕਸੀਨੇਸ਼ਨ ਕਰਵਾਉਣ ਤੋਂ ਡਰ ਰਹੇ ਹਨ, ਪਰ ਅੰਕੜੇ ਦੱਸਦੇ ਹਨ ਕਿ ਵੈਕਸੀਨ ਸੁਰੱਖਿਅਤ ਹੈ। ਪੰਜਾਬ 'ਚ ਹੁਣ ਤਕ 22.71 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ।

ਇਨ੍ਹਾਂ 'ਚੋਂ 2.26 ਲੱਖ ਲੋਕਾਂ ਨੂੰ ਕੋਰੋਨਾ ਦੀ ਦੂਜੀ ਡੋਜ਼ ਵੀ ਲਾਈ ਜਾ ਚੁੱਕੀ ਹੈ। ਜਿਨ੍ਹਾਂ 'ਚੋਂ ਸਿਰਫ 26 ਲੋਕ ਹੀ ਮੁੜ ਤੋਂ ਪਾਜ਼ੇਟਿਵ ਹੋਏ ਹਨ। ਜ਼ਿਕਰਯੋਗ ਹੈ ਕਿ ਸੂਬੇ 'ਚ ਇਸ ਤਰ੍ਹਾਂ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਕਿ ਵੈਕਸੀਨੇਸ਼ਨ ਹੋਣ ਤੋਂ ਬਾਅਦ ਕਿਸੇ ਦੀ ਮੌਤ ਹੋਈ ਹੋਵੇ।

ਜਦਕਿ ਸੂਬੇ 'ਚ ਹੁਣ ਤਕ ਕੋਰੋਨਾ ਨਾਲ 7902 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਵੇਂ ਵੈਕਸੀਨ ਤੋਂ ਬਾਅਦ ਪਾਜ਼ੇਟਿਵ ਹੋਣ ਦੀ ਫ਼ੀਸਦ ਨਾ ਦੇ ਬਰਾਬਰ ਹੈ ਪਰ ਫਿਰ ਵੀ ਲੋਕਾਂ 'ਚ ਕੋਰੋਨਾ ਵੈਕਸੀਨ ਨੂੰ ਲੈ ਕੇ ਅਜੇ ਵੀ ਡਰ ਬਣਿਆ ਹੋਇਆ ਹੈ। ਕੋਰੋਨਾ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਸਲਾਹਕਾਰ ਕਮੇਟੀ ਦੇ ਚੇਅਰਮੈਨ ਕੇਕੇ ਤਲਵਾੜ ਕਹਿੰਦੇ ਹਨ ਕਿ ਵੈਕਸੀਨ ਸੁਰੱਖਿਅਤ ਹੈ, ਹੁਣ ਤਕ ਵੈਕਸੀਨ ਸਬੰਧੀ ਕੋਈ ਵੀ ਨਾਂਹਪੱਖੀ ਮਾਮਲਾ ਸਾਹਮਣੇ ਨਹੀਂ ਆਇਆ ਹੈ, ਇਸ ਦੇ ਬਾਵਜੂਦ ਲੋਕ ਡਰੇ ਹੋਏ ਹਨ।

ਡਾ. ਤਲਵਾੜ ਕਹਿੰਦੇ ਹਨ ਕਿ ਪੰਜਾਬੀ ਸਭ ਤੋਂ ਬਹਾਦਰ ਕੌਮ ਹੈ ਪਰ ਵੈਸਕੀਨ ਸਬੰਧੀ ਉਹ ਬਹਾਦਰੀ ਨਹੀਂ ਵਿਖਾਈ ਜਾ ਰਹੀ। ਉਨ੍ਹਾਂ ਕਿਹਾ ਕਿ ਜੇ 22.71 ਲੱਖ ਲੋਕਾਂ ਨੂੰ ਵੈਕਸੀਨ ਲੱਗੀ ਹੈ ਤੇ ਮੁੜ ਤੋਂ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ 26 ਹੈ ਤਾਂ ਇਹ ਨਾ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਬਿਲਕੁਲ ਸੁਰੱਖਿਅਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ 75 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾਵੇ। ਪੰਜਾਬ ਸਰਕਾਰ ਨੇ ਰੋਜ਼ਾਨਾ 2 ਲੱਖ ਵੈਕਸੀਨੇਸ਼ਨ ਕਰਨ ਦੀ ਟੀਚਾ ਮਿੱਥਿਆ ਹੋਇਆ ਹੈ ਜਦਕਿ ਰੋਜਾਨਾ 70 ਤੋਂ 90 ਹਜ਼ਾਰ ਲੋਕਾਂ ਨੂੰ ਵੈਕਸੀਨ ਲਾਈ ਜਾ ਰਹੀ ਹੈ।

ਪੁਲਿਸ ਮੁਲਾਜ਼ਮ ਹੁਣ ਨਹੀਂ ਜਾ ਰਹੇ ਹਸਪਤਾਲ

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਸੂਬੇ ਦੇ 90 ਫ਼ੀਸਦੀ ਪੁਲਿਸ ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਲਾਈ ਜਾ ਚੁੱਕੀ ਹੈ। 18 ਫ਼ੀਸਦੀ ਤੋਂ ਜ਼ਿਆਦਾ ਅਜਿਹੇ ਮੁਲਾਜ਼ਮ ਹਨ ਜਿਨ੍ਹਾਂ ਨੂੰ ਦੂਜੀ ਡੋਜ਼ ਵੀ ਲਾਈ ਜਾ ਚੁੱਕੀ ਹੈ। ਵੈਕਸੀਨੇਸ਼ਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਮੁੜ ਤੋਂ ਪਾਜ਼ੇਟਿਵ ਆਉਣ ਦੀ ਦਰ ਨਾ ਦੇ ਬਰਾਬਰ ਹੈ। ਜਦਕਿ ਦੋ ਮਹੀਨੇ ਪਹਿਲਾਂ ਔਸਤਨ 20 ਤੋਂ 25 ਪੁਲਿਸ ਮੁਲਾਜ਼ਮ ਰੋਜ਼ਾਨਾ ਕੋਰੋਨਾ ਪਾਜ਼ੇਟਿਵ ਆ ਰਹੇ ਸਨ। ਇਨ੍ਹਾਂ 'ਚੋਂ ਕਈਆਂ ਨੂੰ ਤਾਂ ਹਸਪਤਾਲ 'ਚ ਵੀ ਭਰਤੀ ਹੋਣਾ ਪਿਆ ਸੀ।