ਜੇਐੱਨਐੱਨ, ਚੰਡੀਗੜ੍ਹ : ਸੂਬੇ ਦੇ 3 ਜ਼ਿਲਿਆ ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਤਕ ਇਸ ਸ਼ਰਾਬ ਨੇ 113 ਲੋਕਾਂ ਦੀ ਜਾਨ ਲੈ ਲਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਦੀ ਜਾਂਚ ਜਾਰੀ ਹੈ ਅਤੇ ਇਸ ਸੰਬੰਧੀ ਦਰਜ਼ ਮਾਮਲਿਆਂ ਦੀ ਤੇਜੀ ਨਾਲ ਪੜਤਾਲ ਕਰਨ ਮੁਕੰਮਲ ਕਰਨ ਲਈ 2 ਵਿਸ਼ੇਸ਼ ਪੜਤਾਲੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਡੀਜੀਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਵੱਖ-ਵੱਖ ਜ਼ਿਲਿਆਂ ਵਿੱਚ ਤਾਲਮੇਲ ਸਦਕਾ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਦਿਆਂ 1528 ਨਾਜਾਇਜ਼ ਸ਼ਰਾਬ, 7450 ਕਿਲੋਗ੍ਰਾਮ ਲਾਹਣ ਅਤੇ 962 ਲੀਟਰ ਤਸਕਰੀ ਕੀਤੀ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁੱਲ ਦਰਜ਼ ਕੀਤੇ ਗਏ 197 ਮਾਮਲਿਆਂ ਵਿੱਚ 11 ਦੇਸੀ ਦਾਰੂ ਦੀਆਂ ਭੱਠੀਆਂ ਵੀ ਭੱਠੀਆਂ ਫੜੀਆਂ ਗਈਆਂ ਹਨ। ਡੀਜੀਪੀ ਨੇ ਦੱਸਿਆ ਕਿ ਅੰਮਿ੍ਰਤਸਰ ਪੁਲਿਸ ਨੇ ਸੀਨੀਅਰ ਅਧਿਕਾਰੀਆਂ ਵਲੋਂ ਨਿਗਰਾਨੀ ਦੌਰਾਨ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਹੈ।

ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 197 ਨਵੇਂ ਕੇਸਾਂ ਅਤੇ 135 ਹੋਰ ਗ੍ਰਿਫਤਾਰੀਆਂ ਨਾਲ ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਆਪਣੀ ਸੂਬਾ ਪੱਧਰੀ ਮੁਹਿੰਮ ਦੇ ਹਿੱਸੇ ਵਜੋਂ ਕਈ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ, ਜਦੋਂ ਕਿ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਮਾਮਲੇ ਵਿੱਚ ਹੋਰ ਸ਼ੱਕੀ ਵਿਅਕਤੀਆਂ ਦੀ ਗਿ੍ਰਫਤਾਰੀ ਲਈ ਘੇਰਾ ਹੋਰ ਸਖਤ ਕਰ ਦਿੱਤਾ ਹੈ। ਗੁਪਤਾ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਦੇ ਮੱਦੇਨਜ਼ਰ ਸੁਰੂ ਕੀਤੀ ਗਈ ਛਾਪੇਮਾਰੀ ਦੌਰਾਨ ਹੁਣ ਤੱਕ ਕੁੱਲ 1489 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 1034 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਸੂਬਾ ਪੱਧਰੀ ਛਾਪੇਮਾਰੀ ਦੌਰਾਨ ਕੁੱਲ 29,422 ਲੀਟਰ ਨਾਜਾਇਜ਼ ਸ਼ਰਾਬ, 12,599 ਲੀਟਰ ਸ਼ਰਾਬ ਅਤੇ 5,82,406 ਕਿਲੋਗ੍ਰਾਮ ਲਾਹਣ ਸਮੇਤ 20,960 ਲੀਟਰ ਅਲਕੋਹਲ/ਸਪਿਰਿਟ ਬ੍ਰਾਮਦ ਕੀਤੀ ਗਈ ਹੈ ਅਤੇ 73 ਚਲਦੀਆਂ ਦੇਸੀ ਦਾਰੂ ਦੀਆਂ ਭੱਠੀਆਂ ਫੜੀਆਂ ਗਈਆਂ ਹਨ।

284 ਡਰੰਮ ਮੀਥਨੌਲ ਜ਼ਬਤ

ਡੀਜੀਪੀ ਨੇ ਦੱਸਿਆ ਇਸ ਦੁਖਾਂਤ ਦੇ ਮੁੱਖ ਮੁਲਜ਼ਮ ਰਾਜੀਵ ਜੋਸ਼ੀ ਦੀ ਮਿਲਰ ਗੰਜ, ਲੁਧਿਆਣਾ ਸਥਿਤ ਦੁਕਾਨ ਤੋਂ ਕੁੱਲ 284 ਡਰੰਮ ਮੀਥੇਨੌਲ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੋਸ਼ੀ ਨੇ ਤਿੰਨ ਡਰੰਮ ਸ਼ਰਾਬ ਤਸਕਰਾਂ ਨੂੰ ਵੇਚੇ ਸਨ। ਜਿਸ ਕਰਕੇ ਸੂਬੇ ਦੇ ਤਿੰਨ ਜ਼ਿਲਿਆਂ ਵਿਚ ਅਣਆਈਆਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ।

ਮੁੱਖ ਮੰਤਰੀ ਸ਼ੁਕਰਵਾਰ ਨੂੰ ਕਰਨਗੇ ਤਰਨਤਾਰਨ ਇਲਾਕੇ ਦਾ ਦੌਰਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਬਾਰੇ ਕੇਸਾਂ ਦੀ ਪ੍ਰਗਤੀ ਦਾ ਰੋਜ਼ਾਨਾ ਅਧਿਕਾਰੀਆਂ ਪਾਸੋਂ ਜਾਇਜ਼ਾ ਲੈ ਰਹੇ ਹਨ ਅਤੇ ਕੱਲ ਸ਼ੁੱਕਰਵਾਰ ਨੂੰ ਉਹ ਤਰਨਤਾਰਨ ਵਿਖੇ ਕੁੱਝ ਪੀੜਤ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕਰਨਗੇ।

Posted By: Tejinder Thind