ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਸ਼ਨਿਚਰਵਾਰ ਨੂੰ 11 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 595 ਪਾਜ਼ੇਟਿਵ ਆਏ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 75 ਕੇਸ ਆਏ, ਜਦਕਿ ਜਲੰਧਰ 'ਚ 70 ਲੋਕ ਇਨਫੈਕਟਿਡ ਪਾਏ ਗਏ।

ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਸੂਬੇ ਵਿਚ ਛੇ ਦਿਨਾਂ ਦੌਰਾਨ ਕੋਰੋਨਾ ਦੇ ਐਕਟਿਵ ਮਾਮਲਿਆਂ ਦੌਰਾਨ 40 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਜਿੱਥੇ 22 ਫਰਵਰੀ ਨੂੰ ਸੂਬੇ ਵਿਚ 3167 ਐਕਟਿਵ ਮਰੀਜ਼ ਸਨ ਉਥੇ ਸ਼ਨਿਚਰਵਾਰ ਨੂੰ ਇਨ੍ਹਾਂ ਦੀ ਗਿਣਤੀ ਵੱਧ ਕੇ 4436 ਹੋ ਗਈ। ਨਵੇਂ ਮਰੀਜ਼ ਸਾਹਮਣੇ ਆਉਣ ਦੀ ਦਰ ਦੇ ਮੁਕਾਬਲੇ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਸ਼ਨਿਚਰਵਾਰ ਨੂੰ ਘੱਟ ਹੀ ਰਹੀ।

ਸੂਬੇ ਵਿਚ 595 ਨਵੇਂ ਮਰੀਜ਼ ਸਾਹਮਣੇ ਆਏ ਜਦਕਿ 368 ਜਣਿਆਂ ਨੇ ਕੋਰੋਨਾ ਨੂੰ ਮਾਤ ਦਿੱਤੀ। ਹੁਸ਼ਿਆਰਪੁਰ ਵਿਚ ਚਾਰ, ਲੁਧਿਆਣਾ ਵਿਚ ਤਿੰਨ, ਪਟਿਆਲਾ ਵਿਚ ਦੋ ਅਤੇ ਮਾਨਸਾ ਤੇ ਤਰਨਤਾਰਨ ਵਿਚ ਇਕ-ਇਕ ਮਰੀਜ਼ ਦੀ ਮੌਤ ਹੋ ਗਈ। ਪੰਜਾਬ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5825 ਹੋ ਗਈ ਹੈ।

ਸਿਹਤ ਵਿਭਾਗ ਮੁਤਾਬਕ ਜ਼ਿਲ੍ਹਾ ਨਵਾਂਸ਼ਹਿਰ ਵਿਚ ਸਭ ਤੋਂ ਵੱਧ 75 ਨਵੇਂ ਕੇਸ ਆਏ। ਉਥੇ ਜਲੰਧਰ ਵਿਚ 70, ਪਟਿਆਲਾ ਵਿਚ 69, ਲੁਧਿਆਣਾ ਵਿਚ 62, ਕਪੂਰਥਲਾ ਵਿਚ 55, ਮੋਹਾਲੀ ਵਿਚ 54 ਤੇ ਹੁਸ਼ਿਆਰਪੁਰ ਵਿਚ 52 ਨਵੇਂ ਕੇਸ ਸਾਹਮਣੇ ਆਏ ਹਨ।

ਨਵਾਂਸ਼ਹਿਰ 'ਚ 709 ਨਵੇਂ ਐਕਟਿਵ ਕੇਸ

ਐਕਟਿਵ ਮਾਮਲਿਆਂ ਦੀ ਗੱਲ ਕਰੀਏ ਤਾਂ ਨਵਾਂਸ਼ਹਿਰ ਵਿਚ ਸਭ ਤੋਂ ਵੱਧ 709 ਕੇਸ, ਮੋਹਾਲੀ ਵਿਚ 556, ਲੁਧਿਆਣਾ ਵਿਚ 553, ਜਲੰਧਰ ਵਿਚ 478, ਅੰਮਿ੍ਤਸਰ ਵਿਚ 437, ਹੁਸ਼ਿਆਰਪੁਰ ਵਿਚ 338 ਤੇ ਪਟਿਆਲਾ ਵਿਚ ਇਹ ਗਿਣਤੀ 337 ਹੈ। ਕੁਲ 79 ਜਣਿਆਂ ਨੂੰ ਆਕਸੀਜ਼ਨ 'ਤੇ ਰੱਖਿਆ ਗਿਆ ਹੈ ਜਦਕਿ 14 ਮਰੀਜ਼ਾਂ ਦੀ ਹਾਲਕ ਨਾਜ਼ੁਕ ਹੈ।

20 ਅਧਿਆਪਕਾਂ ਨੂੰ ਕੋਰੋਨਾ

ਬਠਿੰਡਾ ਦੇ ਸਰਕਾਰੀ ਕੰਨਿਆ ਸਕੂਲ ਵਿਚ 9 ਇਸਤਰੀ ਅਧਿਆਪਕਾਂ ਸਮੇਤ 10 ਜਣੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੰਗਰੂਰ ਵਿਚ ਕਾਰਖ਼ਾਨੇ ਦੇ 14 ਕਿਰਤੀ, ਨਿੱਜੀ ਸਕੂਲ ਦੇ 7 ਅਧਿਆਪਕ, ਲੁਧਿਆਣਾ ਵਿਚ ਗਡਵਾਸੂ, ਬੀਸੀਐੱਸ, ਸਰਕਾਰੀ ਸਕੂਲ ਪੱਖੋਵਾਲ ਤੇ ਗੁਮਦੀ ਦੇ ਚਾਰ ਅਧਿਆਪਕ ਕੋਰੋਨਾ ਪੀੜਤ ਹਨ।