ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026’ ਵਿੱਚ ਸਿੱਖ ਸਿਧਾਂਤਾਂ ਅਤੇ ਰਹਿਤ ਮਰਿਯਾਦਾ ਦੇ ਉਲਟ ਦਰਜ ਕੀਤੀਆਂ ਗਈਆਂ ਮੱਦਾਂ ਦੇ ਵਿਰੋਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਸਾ ਵਿਖੇ ਇੱਕ ਅਹਿਮ ਅਤੇ ਵਿਸ਼ੇਸ਼ ਇਕੱਤਰਤਾ ਹੋਈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ, ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਦੀ ਸਰਪ੍ਰਸਤੀ ਹੇਠ ਹੋਈ। ਇਸ ਇਕੱਤਰਤਾ ਵਿੱਚ ਵੱਖ ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਗ੍ਰੰਥੀ ਸਿੰਘ, ਪ੍ਰਚਾਰਕ, ਰਾਗੀ, ਢਾਡੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਸਮੁੱਚੀ ਸੰਗਤ, ਪ੍ਰਚਾਰਕਾਂ ਅਤੇ ਕਮੇਟੀਆਂ ਨੂੰ ਸੱਦਾ ਦਿੱਤਾ ਕਿ ਉਹ 31 ਮਈ 2026 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਸੱਦੀ ਗਈ ਵਿਸ਼ਾਲ ਪੰਥਕ ਕਾਨਫ਼ਰੰਸ ਵਿੱਚ ਵੱਡੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਪਹੁੰਚਣ। ਮੀਟਿੰਗ ਦੌਰਾਨ ਨਵੇਂ ਸਰਕਾਰੀ ਕਾਨੂੰਨ ਦੀਆਂ ਗੰਭੀਰ ਸੰਵਿਧਾਨਕ ਅਤੇ ਧਾਰਮਿਕ ਤਰੁੱਟੀਆਂ (ਕਮੀਆਂ) ਬਾਰੇ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਸਿੰਘ ਸਾਹਿਬ ਨੇ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਭਰੋਸੇ ਵਿੱਚ ਲਏ ਬਿਨਾਂ ਬਣਾਇਆ ਗਿਆ ਇਹ ਕਾਨੂੰਨ ਸਿੱਖ ਭਾਵਨਾਵਾਂ ਅਤੇ ਅੰਦਰੂਨੀ ਮਰਯਾਦਾ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ। 31 ਮਈ ਦੇ ਪੰਥਕ ਸੰਮੇਲਨ ਵਿੱਚ ਮਾਨਸਾ ਅਤੇ ਸਮੁੱਚੇ ਮਾਲਵਾ ਖੇਤਰ ਤੋਂ ਰਿਕਾਰਡਤੋੜ ਸੰਗਤ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਗੁਰਪ੍ਰੀਤ ਸਿੰਘ ਝੱਬਰ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਅਤੇ ਰਘਵੀਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਸਰਕਾਰਾਂ ਦੀ ਇਹ ਜ਼ੋਰ-ਜ਼ਬਰਦਸਤੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਜਦੋਂ ਸੰਗਤ ਆਪਣੇ ਗੁਰੂ-ਸਿਧਾਂਤਾਂ 'ਤੇ ਹੋ ਰਹੇ ਇਸ ਸਰਕਾਰੀ ਹਮਲੇ ਤੋਂ ਵਾਕਫ਼ ਹੋਵੇਗੀ, ਤਾਂ ਉਹ ਖ਼ੁਦ-ਬ-ਖ਼ੁਦ ਇਸ ਦੇ ਵਿਰੋਧ ਵਿੱਚ ਨਿੱਤਰੇਗੀ। ਇਕੱਤਰਤ ਹੋਏ ਸਮੂਹ ਗ੍ਰੰਥੀ ਸਿੰਘਾਂ, ਪ੍ਰਚਾਰਕਾਂ ਅਤੇ ਕਮੇਟੀਆਂ ਦੇ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਣ ਲਿਆ ਕਿ ਉਹ ਅੱਜ ਤੋਂ ਹੀ ਪਿੰਡ-ਪਿੰਡ ਜਾ ਕੇ ਘਰ-ਘਰ ਤੱਕ ਕਾਨੂੰਨ ਦੀਆਂ ਖਾਮੀਆਂ ਦਾ ਸੱਚ ਪਹੁੰਚਾਉਣਗੇ ਅਤੇ ੩੧ ਮਈ ਦੇ ਪੰਥਕ ਸੰਮੇਲਨ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ।
ਇਸ ਮੌਕੇ ਨਰਿੰਦਰਜੀਤ ਸਿੰਘ (ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ) ਅਤੇ ਭੋਲਾ ਸਿੰਘ (ਇੰਚਾਰਜ ਸਬ ਆਫਿਸ ਧਰਮ ਪ੍ਰਚਾਰ ਕਮੇਟੀ) , ਹਰਜੀਤ ਸਿੰਘ ਪ੍ਰਧਾਨ ਗੁ ਵਿਸ਼ਵਕਰਮਾ ਜੀ, ਗੁਰਦੁਆਰਾ ਪਾਤਿਸ਼ਾਹੀ ਨੌਵੀਂ ਦੇ ਹੈੱਡ ਗ੍ਰੰਥੀ ਟੇਕ ਸਿੰਘ ਜੀ, ਭਾਈ ਹਰੀ ਸਿੰਘ ਸਹਿਗਲ ਬਸੰਤ ਸਿੰਘ ਪ੍ਰਚਾਰਕ,ਮੋਹਣ ਸਿੰਘ ਪ੍ਰਚਾਰਕ, ਅੰਮ੍ਰਿਤਪਾਲ ਸਿੰਘ ਪ੍ਰਚਾਰਕ, ਭਾਈ ਤ੍ਰਿਲੋਚਨ ਸਿੰਘ, ਦਾਰਾ ਸਿੰਘ ਅਕਲੀਆ ਪ੍ਰਧਾਨ ਗ੍ਰੰਥੀ ਸਭਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਰਘਵੀਰ ਸਿੰਘ, ਬਲਵੀਰ ਸਿੰਘ ਔਲਖ ਨੇ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ ਗੁਰਪ੍ਰੀਤ ਸਿੰਘ ਝੱਬਰ ਨੂੰ ਸਰੋਪਾਓ ਦੇ ਸਨਮਾਨਿਤ ਕੀਤਾ।