ਸ਼ਨੀਵਾਰ ਨੂੰ ਬਠਿੰਡਾ ਰਿਹਾ ਸਭ ਤੋਂ ਵੱਧ ਗਰਮ, ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਦੇ ਦਰਮਿਆਨ ਸ਼ਨਿੱਚਰਵਾਰ ਨੂੰ ਬਠਿੰਡਾ ਸੂਬੇ ਦਾ ਸਭ ਤੋਂ ਵੱਧ ਗਰਮ ਸ਼ਹਿਰ ਰਿਹਾ। ਮੌਸਮ ਵਿਭਾਗ ਅਨੁਸਾਰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਵੱਧ ਰਹੀ ਗਰਮੀ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਵੀ ਜ਼ਿਲ੍ਹੇ ਦਾ ਤਾਪਮਾਨ 44 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਤਪਦੀ ਧੁੱਪ ਤੇ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਤੋਂ ਹੀ ਧੁੱਪ ਦੇ ਤੇਵਰ ਤਿੱਖੇ ਰਹੇ ਅਤੇ ਦੁਪਹਿਰ ਸਮੇਂ ਲੂ ਵਰਗੀ ਸਥਿਤੀ ਬਣ ਗਈ। ਤੇਜ਼ ਗਰਮੀ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਜ਼ਾਰ ਦੁਪਹਿਰ ਵੇਲੇ ਸੁੰਨੇ ਨਜ਼ਰ ਆਏ। ਆਮ ਦਿਨਾਂ ਵਿੱਚ ਰੌਣਕਾਂ ਨਾਲ ਭਰੇ ਰਹਿਣ ਵਾਲੇ ਚੌਕ, ਗਲੀਆਂ ਅਤੇ ਵਪਾਰਕ ਇਲਾਕੇ ਸੁੰਨੇ ਪਏ ਰਹੇ, ਕਿਉਂਕਿ ਲੋਕ ਘਰਾਂ ਵਿੱਚ ਰਹਿਣ ਨੂੰ ਹੀ ਤਰਜੀਹ ਦੇ ਰਹੇ ਹਨ। ਜ਼ਰੂਰੀ ਕੰਮਾਂ ਲਈ ਹੀ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਤਿੱਖੀ ਧੁੱਪ ਅਤੇ ਗਰਮ ਹਵਾਵਾਂ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਦਿਹਾੜੀਦਾਰ ਮਜ਼ਦੂਰਾਂ, ਰੇਹੜੀ ਫੜੀ ਵਾਲਿਆਂ ਤੇ ਟ੍ਰੈਫਿਕ ਕਰਮਚਾਰੀਆਂ ਨੂੰ ਹੋ ਰਹੀ ਹੈ, ਜਿਨ੍ਹਾਂ ਨੂੰ ਆਪਣਾ ਕੰਮ ਧੁੱਪ ਵਿੱਚ ਖੜ੍ਹ ਕੇ ਕਰਨਾ ਪੈਂਦਾ ਹੈ। ਦੁਪਹਿਰ ਸਮੇਂ ਕਈ ਲੋਕ ਸਿਰ ਢੱਕ ਕੇ ਅਤੇ ਚਿਹਰੇ ਨੂੰ ਕਪੜੇ ਨਾਲ ਲਪੇਟ ਕੇ ਹੀ ਬਾਹਰ ਨਿਕਲਦੇ ਦਿਖਾਈ ਦਿੱਤੇ। ਗਰਮੀ ਤੋਂ ਬਚਾਅ ਲਈ ਲੋਕ ਠੰਢੇ, ਗੰਨੇ ਦਾ ਰਸ, ਨਿੰਬੂ ਪਾਣੀ ਤੇ ਲੱਸੀ ਆਦਿ ਦਾ ਵੱਧ ਇਸਤੇਮਾਲ ਕਰ ਰਹੇ ਹਨ। ਭਿਆਨਕ ਗਰਮੀ ਦਾ ਅਸਰ ਸਿਰਫ ਮਨੁੱਖਾਂ ‘ਤੇ ਹੀ ਨਹੀਂ, ਸਗੋਂ ਪਸ਼ੂਆਂ ਅਤੇ ਪੰਛੀਆਂ ‘ਤੇ ਵੀ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਹੈ। ਤਲਾਬਾਂ ਅਤੇ ਨਹਿਰਾਂ ਦੇ ਨੇੜੇ ਪਸ਼ੂ ਛਾਂ ਅਤੇ ਪਾਣੀ ਦੀ ਭਾਲ ਕਰਦੇ ਦਿਖਾਈ ਦੇ ਰਹੇ ਹਨ, ਜਦਕਿ ਪੰਛੀ ਵੀ ਦਰੱਖਤਾਂ ਦੀ ਛਾਂ ਹੇਠ ਬੈਠੇ ਨਜ਼ਰ ਆ ਰਹੇ ਹਨ। ਕਈ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਵੱਲੋਂ ਪੰਛੀਆਂ ਲਈ ਪਾਣੀ ਦੇ ਬਰਤਨ ਰੱਖੇ ਜਾ ਰਹੇ ਹਨ ਤਾਂ ਜੋ ਉਹ ਇਸ ਤਿੱਖੀ ਗਰਮੀ ਵਿੱਚ ਰਾਹਤ ਮਹਿਸੂਸ ਕਰ ਸਕਣ। ਡਾਕਟਰਾਂ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੂ ਅਤੇ ਡੀਹਾਈਡਰੇਸ਼ਨ ਤੋਂ ਬਚਣ ਲਈ ਲੋਕ ਵੱਧ ਤੋਂ ਵੱਧ ਪਾਣੀ ਪੀਣ, ਧੁੱਪ ਵਿੱਚ ਬਾਹਰ ਜਾਣ ਤੋਂ ਪਰਹੇਜ਼ ਕਰਨ ਅਤੇ ਹਲਕੇ ਕੱਪੜੇ ਪਹਿਨਣ। ਉਨ੍ਹਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਤੋਂ ਤੁਰੰਤ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਤਾਪਮਾਨ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਹੋਰ ਸਾਵਧਾਨ ਰਹਿਣ ਦੀ ਲੋੜ ਹੈ।