ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

-ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਪੰਜਾਬ 'ਤੇ ਵਾਰ-ਵਾਰ ਮੀਟਿੰਗਾਂ ਤੋਂ ਭੱਜਣ ਦਾ ਲਾਇਆ ਦੋਸ਼
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਬਠਿੰਡਾ ਵੱਲੋਂ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਇਹ ਤੈਅ ਕੀਤਾ ਸੀ ਕਿ ਸਾਂਝੇ ਫਰੰਟ ਵੱਲੋਂ ਬਠਿੰਡਾ ਦੇ ਵੱਖ-ਵੱਖ ਹਿੱਸਿਆਂ ’ਚ ਪੰਜਾਬ ਸਰਕਾਰ ਖਿਲਾਫ ਨਗਰ ਨਿਗਮ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਰੋਸ ਮਾਰਚ ਕੀਤਾ ਜਾਵੇਗਾ। ਸਾਂਝੇ ਫਰੰਟ ਦੇ ਸੂਬਾ ਕਨਵੀਨਰ ਸਾਥੀ ਗਗਨਦੀਪ ਸਿੰਘ ਭੁੱਲਰ, ਜ਼ਿਲ੍ਹਾ ਕਨਵੀਨਰ ਹਰਨੇਕ ਸਿੰਘ ਗਹਿਰੀ, ਦਰਸ਼ਨ ਮੌੜ, ਜਤਿੰਦਰ ਕ੍ਰਿਸ਼ਨ, ਸਿਕੰਦਰ ਸਿੰਘ ਧਾਲੀਵਾਲ, ਮਨਜੀਤ ਧੰਜਲ ਨੇ ਦੱਸਿਆ ਕਿ ਸਾਂਝੇ ਫਰੰਟ ਦੇ ਫੈਸਲੇ ਅਨੁਸਾਰ ਇਹ ਰੋਸ ਮਾਰਚ ਰੋਜ਼ ਗਾਰਡਨ ਪੁਲਾਂ ਹੇਠਾਂ ਤੋਂ ਸ਼ੁਰੂ ਹੋ ਕੇ ਅਮਰੀਕ ਸਿੰਘ ਰੋਡ ਹੁੰਦਾ ਹੋਇਆ ਹਨੂੰਮਾਨ ਚੌਕ ਪੁੱਜਿਆ ਤੇ ਫੌਜੀ ਚੌਂਕ ਤੋਂ ਬੀਬੀ ਵਾਲਾ ਰੋਡ ਹੁੰਦੇ ਹੋਏ 100 ਫੁੱਟੀ 'ਤੇ ਪਹੁੰਚਿਆ। ਪਾਵਰ ਹਾਊਸ ਰੋਡ ਦੀਆਂ ਬੱਤੀਆਂ ਤੋਂ ਹੁੰਦਾ ਹੋਇਆ ਇਹ ਮਾਰਚ ਆਖਰ ਨੂੰ ਬਠਿੰਡਾ ਬੱਸ ਅੱਡੇ ਨੇੜੇ ਸਮਾਪਤ ਕੀਤਾ ਗਿਆ। ਇਸ ਰੋਸ ਮਾਰਚ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਲਗਾਤਾਰ ਕੱਚੇ ਕਾਮਿਆਂ ਨੂੰ ਪੱਕੇ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨੀ, ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਲਾਗੂ ਕਰਨਾ, ਡੀ ਏ ਦੀਆਂ ਕਿਸ਼ਤਾਂ ਬਹਾਲ ਕਰਨਾ, ਨਵ ਨਿਯੁਕਤਾਂ ਉੱਪਰ ਪੰਜਾਬ ਸਕੇਲ ਲਾਗੂ ਕਰਨੇ, ਕੱਟੇ ਭੱਤੇ ਬਹਾਲ ਕਰਵਾਉਣ ਆਦਿ ਮੰਗਾਂ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੇ ਚਾਰ ਸਾਲ ਤੋਂ ਮੁਲਾਜ਼ਮ ਤੇ ਪੈਨਸ਼ਨਰ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹਨ।ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਲਗਾਤਾਰ ਮੀਟਿੰਗਾਂ ਦੇ ਕੇ ਉਨ੍ਹਾਂ ਤੋਂ ਮੁੱਕਰਿਆ ਜਾ ਰਿਹਾ ਹੈ, ਜਿਸ ਕਾਰਨ ਸਾਂਝੇ ਫਰੰਟ ਨੇ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਇਸ ਲਈ ਅਗਲੇ ਭਵਿੱਖੀ ਪ੍ਰੋਗਰਾਮਾਂ ’ਚ ਜੂਨ ਮਹੀਨੇ ਵਿੱਚ ਜ਼ਿਲ੍ਹਾ ਪੱਧਰੀ ਕਨਵੈਂਸ਼ਨਾਂ ਕੀਤੀਆਂ ਜਾਣਗੀਆਂ, ਜੁਲਾਈ ਅਗਸਤ ਮਹੀਨਿਆਂ ’ਚ ਹਾਕਮ ਧਿਰ ਦੇ ਵਿਧਾਇਕਾਂ ਦੇ ਘਰਾਂ ਅੱਗੇ ਘੜਾ ਭੰਨ ਪ੍ਰਦਰਸ਼ਨ ਕੀਤੇ ਜਾਣਗੇ। ਸਤੰਬਰ ਮਹੀਨੇ ’ਚ ਪੂਰੇ ਪੰਜਾਬ ’ਚ ਜ਼ੋਨਲ ਰੈਲੀਆਂ ਕੀਤੀਆਂ ਜਾਣਗੀਆਂ। ਅਕਤੂਬਰ ਮਹੀਨੇ ਵਿੱਚ ਇੱਕ ਵੱਡੀ ਸੂਬਾ ਪੱਧਰੀ ਰੈਲੀ ਵੀ ਕੀਤੀ ਜਾਵੇਗੀ। ਪੰਜਾਬ ਦੇ ਬਦਲ ਦੇ ਰਾਜਨੀਤਕ ਹਾਲਾਤ ਨੂੰ ਦੇਖਦੇ ਹੋਏ ਸਾਂਝੇ ਫਰੰਟ ਵੱਲੋਂ ਵੀ ਬਦਲਵੇਂ ਰੂਪ ਵਿੱਚ ਹੋਰ ਪ੍ਰੋਗਰਾਮ ਵੀ ਤੈਅ ਕੀਤੇ ਜਾਣਗੇ। ਅੱਜ ਦੀ ਇਸ ਰੋਸ ਰੈਲੀ ਨੂੰ ਲਛਮਣ ਸਿੰਘ ਮਲੂਕਾ, ਹਰਜਿੰਦਰ ਸਿੰਘ ਟੀਐੱਸਯੂ, ਰਣਜੀਤ ਸਿੰਘ ਪ੍ਰਿੰਸੀਪਲ, ਸੁਖਚੈਨ ਸਿੰਘ, ਗੁਰਤੇਜ ਗਿੱਲ, ਚੰਦਰ ਪ੍ਰਕਾਸ਼ ਟੀਐਸਯੂ, ਗੁਰਮੇਲ ਸਿੰਘ, ਮਹਿੰਦਰ ਪਾਲ, ਉਮੈਦ ਸਿੰਘ ਬਿਸ਼ਟ, ਅਰੁਣ ਕੁਮਾਰ, ਸੁਖਵਿੰਦਰ ਸਿੰਘ ਬਰਾੜ, ਜਸਵਿੰਦਰ ਸ਼ਰਮਾ, ਦਿਲਜੀਤ ਸਿੰਘ ਪੰਜਾਬ ਪੁਲਿਸ ਪੈਨਸ਼ਨਰ, ਕੁਲਵੰਤ ਸਿੰਘ ਪੈਨਸ਼ਨਰਜ਼ ਜੇਲ੍ਹ ਡਿਪਾਰਟਮੈਂਟ ਆਦਿ ਆਗੂਆਂ ਨੇ ਸੰਬੋਧਨ ਕੀਤਾ।