ਕਲੇਰ ਦੇ ਖਿਡਾਰੀਆਂ ਨੇ ਕ੍ਰਿਕਟ ਟੂਰਨਾਮੈਂਟ ‘ਚ ਮਾਰੀਆਂ ਮੱਲਾਂ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕ
ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਜ਼ੋਨਲ ਕ੍ਰਿਕਟ ਟੂਰਨਾਮੈਂਟ ਸਫਲਤਾਪੂਰਵਕ ਕਰਵਾਇਆ ਗਿਆ। ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਭਾਵਨਾ, ਰੋਮਾਂਚਕ ਮੁਕਾਬਲੇ ਅਤੇ ਸਾਰੇ ਭਾਗੀਦਾਰ ਖਿਡਾਰੀਆਂ ਵੱਲੋਂ ਬਿਹਤਰੀਨ ਟੀਮ ਵਰਕ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ।
ਜਾਣਕਾਰੀ ਅਨੁਸਾਰ ਅੰਡਰ-14 ਲੜਕਿਆਂ ਦੇ ਵਰਗ ਵਿੱਚ ਕੁੱਲ 9 ਟੀਮਾਂ ਨੇ ਹਿੱਸਾ ਲਿਆ। ਕਿਪਸ ਕ੍ਰਿਕਟ ਅਕੈਡਮੀ ਚੈਂਪੀਅਨ ਬਣੀ, ਜਦਕਿ ਸੈਕਰਡ ਹਾਰਟ ਸਕੂਲ ਨੇ ਦੂਜਾ ਅਤੇ ਬਲੂਮਿੰਗ ਡੇਲਜ਼ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਫਾਈਨਲ ਮੈਚ ਕਿਪਸ ਕ੍ਰਿਕਟ ਅਕੈਡਮੀ ਤੇ ਸੈਕਰਡ ਹਾਰਟ ਸਕੂਲ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕਿਪਸ ਨੇ 10 ਓਵਰਾਂ ਵਿੱਚ 110 ਦੌੜਾਂ ਬਣਾਈਆਂ। ਜਵਾਬ ਵਿੱਚ ਸੈਕਰਡ ਹਾਰਟ ਸਕੂਲ ਦੀ ਟੀਮ ਸਿਰਫ਼ 34 ਦੌੜਾਂ ਹੀ ਬਣਾ ਸਕੀ। ਕਿਪਸ ਨੇ ਹਰਫਨਮੌਲਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ। ਅੰਡਰ-17 ਵਰਗ ਲੜਕਿਆ ਵਿਚ ਵਿੱਚ ਕੁੱਲ 7 ਟੀਮਾਂ ਨੇ ਭਾਗ ਲਿਆ। ਕਿਪਸ ਕ੍ਰਿਕਟ ਅਕੈਡਮੀ ਨੇ ਇੱਕ ਵਾਰ ਫਿਰ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ। ਸੇਂਟ ਪਾਲ ਸਕੂਲ ਦੂਜੇ ਸਥਾਨ 'ਤੇ ਰਿਹਾ, ਜਦਕਿ ਸੈਕਰਡ ਹਾਰਟ ਸਕੂਲ ਤੀਜੇ ਸਥਾਨ 'ਤੇ ਰਿਹਾ।
ਫਾਈਨਲ ਮੈਚ ਕਿਪਸ ਕ੍ਰਿਕਟ ਅਕੈਡਮੀ ਅਤੇ ਸੇਂਟ ਪਾਲ ਸਕੂਲ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕਿਪਸ ਨੇ 10 ਓਵਰਾਂ ਵਿੱਚ 110 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਸੇਂਟ ਪਾਲ ਸਕੂਲ ਦੀ ਟੀਮ ਸਿਰਫ਼ 45 ਦੌੜਾਂ ਹੀ ਬਣਾ ਸਕੀ। ਕਿਪਸ ਨੇ ਇੱਕ ਹੋਰ ਸ਼ਾਨਦਾਰ ਜਿੱਤ ਦਰਜ ਕਰਦਿਆਂ ਅੰਡਰ-17 ਦੀ ਟਰਾਫੀ ਆਪਣੇ ਨਾਮ ਕੀਤੀ। ਅੰਡਰ-19 ਵਰਗ ਵਿੱਚ ਕੁੱਲ 5 ਟੀਮਾਂ ਨੇ ਭਾਗ ਲਿਆ। ਕਿਪਸ ਕ੍ਰਿਕਟ ਅਕੈਡਮੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਚੈਂਪੀਅਨਸ਼ਿਪ ਜਿੱਤੀ। ਐਂਬਰੋਜ਼ੀਆਲ ਸਕੂਲ ਨੇ ਦੂਜਾ ਅਤੇ ਪ੍ਰਿਸਟੀਨ ਵਾਈਬ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਫਾਈਨਲ ਮੈਚ ਕਿਪਸ ਕ੍ਰਿਕਟ ਅਕੈਡਮੀ ਅਤੇ ਐਂਬਰੋਜ਼ੀਆਲ ਸਕੂਲ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਐਂਬਰੋਜ਼ੀਆਲ ਸਕੂਲ ਦੀ ਟੀਮ ਸਿਰਫ਼ 45 ਦੌੜਾਂ ਹੀ ਬਣਾ ਸਕੀ। ਜਵਾਬ ਵਿੱਚ ਕਿਪਸ ਨੇ ਬਿਨਾਂ ਕੋਈ ਵਿਕਟ ਗੁਆਏ ਸਿਰਫ਼ 3 ਓਵਰਾਂ ਵਿੱਚ ਟੀਚਾ ਹਾਸਲ ਕਰਕੇ ਫਾਈਨਲ ਵਿੱਚ ਆਪਣਾ ਪੂਰਾ ਦਬਦਬਾ ਕਾਇਮ ਕੀਤਾ। ਟੂਰਨਾਮੈਂਟ ਦਾ ਸਮਾਪਨ ਇਨਾਮ ਵੰਡ ਸਮਾਰੋਹ ਨਾਲ ਹੋਇਆ, ਜਿਸ ਦੌਰਾਨ ਸਾਰੀਆਂ ਭਾਗੀਦਾਰ ਟੀਮਾਂ, ਕੋਚਾਂ ਅਤੇ ਪ੍ਰਬੰਧਕਾਂ ਦੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ਼ਲਾਘਾ ਕੀਤੀ ਗਈ। ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਸਕੂਲ ਦੇ ਕ੍ਰਿਕਟ ਕੋਚ ਅਰਸ਼ਦੀਪ ਸਿੰਘ ਅਤੇ ਬੇਅੰਤ ਸਿੰਘ ਦੀ ਅਣਥੱਕ ਮਿਹਨਤ, ਲਗਨ ਅਤੇ ਵਧੀਆ ਰਹਿਨੁਮਾਈ ਨੂੰ ਜਾਂਦਾ ਹੈ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਦੀ ਹਿੰਮਤ, ਖੇਡਾਂ ਪ੍ਰਤੀ ਜਜ਼ਬੇ ਤੇ ਕੋਚਾਂ ਦੀ ਅਣਥੱਕ ਮਿਹਨਤ ਸਦਕਾ ਹੀ ਇਹੋ ਜਿਹੀਆਂ ਵੱਡੀਆਂ ਜਿੱਤਾਂ ਹਾਸਲ ਹੁੰਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਦੇ ਉਜਵੱਲ ਭਵਿੱਖ ਲਈ ਸ਼ੁਭ-ਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਵਾਈਸ ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੰਘ ਸਿੱਧੂ, ਪ੍ਰਿੰਸੀਪਲ ਸ਼ਸ਼ੀਕਾਂਤ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਐਗਜ਼ਾਮੀਨੇਸ਼ਨ ਕੋਆਰਡੀਨੇਟਰ ਦਮਨਜੋਤ ਕੌਰ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ, ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ ਰੇਥੀਸ਼, ਕਿੰਡਰਗਾਰਟਨ ਕੋਆਰਡੀਨੇਟਰ ਮੋਨਿਕਾ ਚਲਾਣਾ, ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਰਡੀਨੇਟਰ ਸੰਦੀਪ ਕੌਰ ਅਤੇ ਆਈਟੀ. ਕੋਆਰਡੀਨੇਟਰ ਗੁਰਵਿੰਦਰ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।