ਭਾਜਪਾ ਸਰਕਾਰ ਦਾ ‘ਡਰਾਉਣ-ਧਮਕਾਉਣ’ ਵਾਲਾ ਚਿਹਰਾ ਬੇਨਕਾਬ : ਪਰਮਜੀਤ ਸਿੰਘ
ਭਾਜਪਾ ਸਰਕਾਰ ਦਾ “ਡਰਾਉਣ-ਧਮਕਾਉਣ” ਵਾਲਾ ਚਿਹਰਾ ਬੇਨਕਾਬ : ਪਰਮਜੀਤ ਸਿੰਘ ਕੋਟਫੱਤਾ
Publish Date: Sat, 23 May 2026 06:23 PM (IST)
Updated Date: Sun, 24 May 2026 04:08 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ‘ਆਪ’ ਦੇ ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਫੱਤਾ ਨੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਦਾ ‘ਡਰਾਉਣ ਤੇ ਧਮਕਾਉਣ ਵਾਲਾ ਚਿਹਰਾ’ ਹੁਣ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਦਬਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਦਾ ਗਲਤ ਇਸਤੇਮਾਲ ਕਰ ਰਹੀ ਹੈ। ਕੋਟਫੱਤਾ ਨੇ ਬਠਿੰਡਾ ਸ਼ਹਿਰ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਅੱਜ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਮੀਡੀਆ ਦੇ ਸਾਹਮਣੇ ਦਿੱਤੇ ਬਿਆਨ ਲੋਕਤੰਤਰ ਲਈ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਬਿੱਟੂ ਨੇ ਸ਼ਰੇਆਮ ਵਿਰੋਧੀ ਧਿਰਾਂ ਨੂੰ ਈਡੀ. ਦੀਆਂ ਧਮਕੀਆਂ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਡਰਾ ਕੇ ਚੁੱਪ ਕਰਵਾਉਣਾ ਚਾਹੁੰਦੀ ਹੈ। ਕੋਟਫੱਤਾ ਅਨੁਸਾਰ ਦੇਸ਼ ਦਾ ਲੋਕਤੰਤਰ ਸੰਵਿਧਾਨ ਤੇ ਲੋਕਾਂ ਦੀ ਆਵਾਜ਼ ਨਾਲ ਚੱਲਦਾ ਹੈ, ਨਾ ਕਿ ਧਮਕੀਆਂ ਅਤੇ ਦਬਾਅ ਨਾਲ। ਉਨ੍ਹਾਂ ਕਿਹਾ ਕਿ ਮੀਡੀਆ ਦੇ ਸਾਹਮਣੇ ਇਸ ਤਰ੍ਹਾਂ ਦੇ ਬਿਆਨ ਦੇਣਾ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਵੀ ਤੌਹੀਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੇਸ਼ ਦੀਆਂ ਜਾਂਚ ਏਜੰਸੀਆਂ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤ ਰਹੀ ਹੈ, ਜਿਸ ਨਾਲ ਲੋਕਤੰਤਰਿਕ ਸੰਸਥਾਵਾਂ ਦੀ ਸਾਖ ਨੂੰ ਨੁਕਸਾਨ ਪਹੁੰਚ ਰਿਹਾ ਹੈ। ‘ਆਪ’ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ’ਤੇ ਚੱਲਣ ਵਾਲੀ ਪਾਰਟੀ ਹੈ ਅਤੇ ਉਹ ਸੱਚ ਅਤੇ ਲੋਕ ਹੱਕਾਂ ਦੀ ਲੜਾਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ “ਆਪ” ਨਾ ਤਾਂ ਈਡੀ. ਤੋਂ ਡਰਦੀ ਹੈ ਅਤੇ ਨਾ ਹੀ ਸੀਬੀਆਈ. ਵਰਗੀਆਂ ਏਜੰਸੀਆਂ ਦੀਆਂ ਧਮਕੀਆਂ ਅੱਗੇ ਝੁਕੇਗੀ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਭਵਿੱਖ ’ਚ ਲੋਕ ਭਾਜਪਾ ਨੂੰ ਇਸਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਮੁੱਦਿਆਂ ਲਈ ਲਗਾਤਾਰ ਸੰਘਰਸ਼ ਕਰਦੀ ਰਹੇਗੀ ਅਤੇ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਖੜੀ ਰਹੇਗੀ। ਉਨ੍ਹਾਂ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਡਰ ਤੇ ਦਬਾਅ ਦੀ ਸਿਆਸਤ ਜ਼ਿਆਦਾ ਸਮਾਂ ਨਹੀਂ ਚੱਲ ਸਕਦੀ, ਕਿਉਂਕਿ ਲੋਕਤੰਤਰ ’ਚ ਆਖ਼ਰੀ ਫੈਸਲਾ ਹਮੇਸ਼ਾ ਲੋਕਾਂ ਦਾ ਹੁੰਦਾ ਹੈ।