ਨਿਗਮ ਚੋਣਾਂ ਵਿੱਚ ਗੜਬੜ ਹੋਈ ਤਾਂ ਡੀਸੀ-ਐੱਸਐੱਸਪੀ ਤਕ ’ਤੇ ਹੋਵੇਗੀ ਕਾਰਵਾਈ : ਰਵਨੀਤ ਸਿੰਘ ਬਿੱਟੂ

-ਕਿਹਾ, 26 ਨੂੰ ਬਠਿੰਡਾ ’ਚ ਰਹਿ ਕੇ ਖ਼ੁਦ ਰੱਖਣਗੇ ਵੋਟਿੰਗ ਪ੍ਰਕਿਰਿਆ ’ਤੇ ਨਜ਼ਰ, ਕੇਂਦਰੀ ਗ੍ਰਹਿ ਮੰਤਰਾਲੇ ਤਕ ਪੁੱਜੇਗੀ ਸ਼ਿਕਾਇਤ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਸਪੱਸ਼ਟ ਕਿਹਾ ਕਿ 26 ਮਈ ਨੂੰ ਹੋਣ ਵਾਲੀ ਵੋਟਿੰਗ ਦੇ ਦਿਨ ਉਹ ਖੁਦ ਬਠਿੰਡਾ ’ਚ ਮੌਜੂਦ ਰਹਿਣਗੇ ਅਤੇ ਪੂਰੀ ਵੋਟਿੰਗ ਪ੍ਰਕਿਰਿਆ ‘ਤੇ ਨਜ਼ਰ ਰੱਖਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਚੋਣਾਂ ’ਚ ਗੜਬੜ ਕਰਨ ਜਾਂ ਵੋਟਿੰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਾਮਲੇ ਦੀ ਤੁਰੰਤ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਜਾਵੇਗੀ ਤੇ ਡੀਸੀ ਤੇ ਐੱਸਐੱਸਪੀ ਪੱਧਰ ਦੇ ਅਧਿਕਾਰੀਆਂ ਤਕ ‘ਤੇ ਸਖ਼ਤ ਕਾਰਵਾਈ ਕਰਵਾਈ ਜਾਵੇਗੀ। ਸ਼ਨੀਵਾਰ ਨੂੰ ਬਠਿੰਡਾ ’ਚ ਪ੍ਰੈੱਸ ਕਾਲਫਰੰਸ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਚੋਣ ਪ੍ਰਕਿਰਿਆ ’ਚ ਕਿਸੇ ਵੀ ਕਿਸਮ ਦੀ ਗੜਬੜ ਜਾਂ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਛੋਟੇ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਉੱਚ ਅਧਿਕਾਰੀਆਂ ਨੂੰ ਵੀ ਕਿਸੇ ਵੀ ਕੀਮਤ ‘ਤੇ ਨਹੀਂ ਬਖ਼ਸ਼ਿਆ ਜਾਵੇਗਾ।
ਇਸ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਨਿਗਮ ਚੋਣ ਇੰਚਾਰਜ਼ ਜੀਵਨ ਗੁਪਤਾ ਅਤੇ ਰਾਜ ਨੰਬਰਦਾਰ ਵੀ ਮੌਜੂਦ ਰਹੇ। ਬਿੱਟੂ ਨੇ ਅਮਰਜੀਤ ਸਿੰਘ ਮਹਿਤਾ ਤੇ ਉਨ੍ਹਾਂ ਦੇ ਪੁੱਤਰ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ‘ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਇਸ “ਪਿਉ-ਪੁੱਤਰ” ਨੂੰ ਬਚਾ ਨਹੀਂ ਸਕੇਗੀ ਤੇ ਜਾਂਚ ਏਜੰਸੀਆਂ ਜਲਦ ਕਾਰਵਾਈ ਕਰਨਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਿਗਮ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨੂੰ ਵੋਟ ਦੇ ਕੇ ਆਪਣਾ ਮਤ ਖਰਾਬ ਨਾ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਕੋਲ ਹੁਣ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਬਚਿਆ ਅਤੇ ਪੰਜਾਬ ਦੇ ਲੋਕ ਹੁਣ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇਲ੍ਹ ਵਿੱਚ ਬੰਦ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੇ ਜਾਣ ‘ਤੇ ਤੰਜ਼ ਕੱਸਦਿਆਂ ਬਿੱਟੂ ਨੇ ਕਿਹਾ ਕਿ ਉਹ ਉਨ੍ਹਾਂ ਦੀ ਸਿਹਤ ਦਾ ਹਾਲ ਪੁੱਛਣ ਨਹੀਂ ਸਗੋਂ ਇਹ ਜਾਣ ਗਏ ਸਨ ਕਿ “ਖਜ਼ਾਨਾ ਕਿੱਥੇ ਲੁਕਾਇਆ ਗਿਆ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਜੇਲ੍ਹ ਜਾਣ ਦੀ ਵਾਰੀ ਆਉਣ ਵਾਲੀ ਹੈ ਅਤੇ ਉਹ ਆਪਣੇ ਲਈ ਜੇਲ੍ਹ ਦਾ ਕਮਰਾ ਵੇਖਣ ਗਏ ਸਨ। ਬਿੱਟੂ ਨੇ ਦੋਸ਼ ਲਾਇਆ ਕਿ ਸੰਜੀਵ ਅਰੋੜਾ ਨੇ ਆਪਣੇ ਵਿਭਾਗਾਂ ਵਿੱਚ ਭਾਰੀ ਭ੍ਰਿਸ਼ਟਾਚਾਰ ਕੀਤਾ ਹੈ, ਜਿਸਦਾ ਹਿਸਾਬ ਹੁਣ ਈਡੀ ਵੱਲੋਂ ਲਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਇੱਕ ਵੀ ਕੱਚੇ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਕਰਮਚਾਰੀਆਂ ਨੂੰ ਆਪਣਾ ਮਹਿੰਗਾਈ ਭੱਤਾ ਲੈਣ ਲਈ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਪੰਜਾਬ ਵਿੱਚ ਨਸ਼ਾ ਕਰਨ ਵਾਲਿਆਂ ਦੇ ਸਰਵੇ ਨੂੰ ਲੈ ਕੇ ਵੀ ਬਿੱਟੂ ਨੇ ਰਾਜ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਲਗਭਗ 1000 ਅਧਿਆਪਕ ਲਗਾਏ ਗਏ ਹਨ, ਜੋ ਨਸ਼ਾ ਕਰਨ ਵਾਲਿਆਂ ਦੇ ਫਾਰਮ ਭਰ ਰਹੇ ਹਨ। ਉਨ੍ਹਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਅੰਕੜੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣ ਚੁੱਕੇ ਹਨ ਅਤੇ ਇਨ੍ਹਾਂ ਅੰਕੜਿਆਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਬਿੱਟੂ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਟੀਮ ਕਿਸੇ ਵੀ ਤਰੀਕੇ ਨਾਲ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਤੇਲ ਦੀਆਂ ਵੱਧ ਰਹੀਆਂ ਕੀਮਤਾਂ ਸਬੰਧੀ ਪੁੱਛੇ ਗਏ ਸਵਾਲ ‘ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪੂਰੀ ਦੁਨੀਆ ਇਸ ਸਮੇਂ ਮਹਿੰਗੇ ਤੇਲ ਦੀ ਸਮੱਸਿਆ ਨਾਲ ਜੂਝ ਰਹੀ ਹੈ। ਜਿਵੇਂ ਹੀ ਕੌਮਾਂਤਰੀ ਪੱਧਰ ‘ਤੇ ਚੱਲ ਰਹੇ ਟਕਰਾਅ ਖਤਮ ਹੋਣਗੇ, ਤੇਲ ਦੀਆਂ ਕੀਮਤਾਂ ਵਿੱਚ ਵੀ ਕਮੀ ਆ ਜਾਵੇਗੀ। ਇਸ ਮੌਕੇ ਜਸਵੀਰ ਸਿੰਘ ਮਹਿਰਾਜ, ਆਸ਼ੂਤੋਸ਼ ਤਿਵਾੜੀ, ਵਰਿੰਦਰ ਸ਼ਰਮਾ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਤੇ ਵੱਖ ਵਾਰਡਾਂ ਤੋਂ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਹਾਜ਼ਰ ਸਨ।