ਬੀਬਾ ਹਰਸਿਮਰਤ ਕੌਰ ਬਾਦਲ ਦੀ ਕੋਟਸ਼ਮੀਰ ’ਚ ਵਿਸ਼ਾਲ ਚੋਣ ਰੈਲੀ

-ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ’ਚ ਉਮੜਿਆ ਲੋਕਾਂ ਦਾ ਸੈਲਾਬ
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਨਗਰ ਪੰਚਾਇਤ ਕੋਟਸ਼ਮੀਰ ਦੀਆਂ ਚੋਣਾਂ ਨੂੰ ਲੈ ਕੇ ਪਿੰਡ ਦਾ ਸਿਆਸੀ ਮਾਹੌਲ ਦਿਨੋਂ-ਦਿਨ ਹੋਰ ਗਰਮਾਉਂਦਾ ਜਾ ਰਿਹਾ ਹੈ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ’ਚ ਤਿੱਖਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪਿੰਡ ਕੋਟਸ਼ਮੀਰ ਵਿੱਚ ਵਿਸ਼ਾਲ ਚੋਣ ਰੈਲੀ ਤੇ ਪ੍ਰਚਾਰ ਮੁਹਿੰਮ ਚਲਾਈ ਗਈ। ਉਨ੍ਹਾਂ ਦੇ ਪਿੰਡ ਪਹੁੰਚਣ ’ਤੇ ਵੱਖ-ਵੱਖ ਵਾਰਡਾਂ ਤੋਂ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ, ਮਹਿਲਾਵਾਂ, ਨੌਜਵਾਨਾਂ ਤੇ ਹਮਾਇਤੀਆਂ ਨੇ ਇਕੱਠੇ ਹੋ ਕੇ ਭਰਵਾਂ ਸਵਾਗਤ ਕੀਤਾ। ਚੋਣ ਪ੍ਰਚਾਰ ਦੌਰਾਨ ਪਿੰਡ ਦੇ ਹਰ ਵਾਰਡ ’ਚ ਉਤਸ਼ਾਹ ਪੂਰਨ ਮਾਹੌਲ ਦੇਖਣ ਨੂੰ ਮਿਲਿਆ। ਹਮਾਇਤੀਆਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਦਾ ਸਵਾਗਤ ਕੀਤਾ। ਵੱਖ-ਵੱਖ ਵਾਰਡਾਂ ਤੋਂ ਉੱਠੇ ਉਮੀਦਵਾਰਾਂ ਨੇ ਆਪਣੇ ਵੱਡੇ ਇਕੱਠਾਂ ਰਾਹੀਂ ਪਾਰਟੀ ਪ੍ਰਤੀ ਭਰੋਸਾ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ ਤੇ ਭਰੋਸਾ ਦਿਵਾਇਆ ਕਿ ਨਗਰ ਪੰਚਾਇਤ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣੇਗੀ। ਇਹ ਵਿਸ਼ਾਲ ਇਕੱਠ ਪਿੰਡ ਦੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਪਿੰਡ ਦੇ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਪਿੰਡ ਦੇ ਲੋਕ ਹਮੇਸ਼ਾਂ ਵਿਕਾਸ ਅਤੇ ਲੋਕ ਹਿਤ ਦੇ ਮੁੱਦਿਆਂ ਨੂੰ ਤਰਜੀਹ ਦਿੰਦੇ ਆਏ ਹਨ ਤੇ ਇਸ ਵਾਰ ਵੀ ਲੋਕ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪਹਿਲਾਂ ਵੀ ਪਿੰਡ ਦੇ ਵਿਕਾਸ ਲਈ ਕਈ ਮਹੱਤਵਪੂਰਨ ਕੰਮ ਕਰਵਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਵਿਕਾਸ ਕਾਰਜ ਜਾਰੀ ਰਹਿਣਗੇ।
ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਬਣ ਕੇ ਖੜ੍ਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ, ਨੌਜਵਾਨਾਂ ਦੇ ਭਵਿੱਖ ਅਤੇ ਲੋਕ ਭਲਾਈ ਲਈ ਪਾਰਟੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਪੰਚਾਇਤ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾਈ ਜਾਵੇ ਤਾਂ ਜੋ ਪਿੰਡ ਦੇ ਵਿਕਾਸ ਨੂੰ ਹੋਰ ਗਤੀ ਮਿਲ ਸਕੇ। ਚੋਣ ਪ੍ਰਚਾਰ ਦੌਰਾਨ ਕੋਟਸ਼ਮੀਰ ’ਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਹਰ ਪਾਸੇ ਪਾਰਟੀ ਦੇ ਝੰਡੇ, ਨਾਅਰੇ ਤੇ ਹਮਾਇਤੀਆਂ ਦਾ ਜੋਸ਼ ਦੇਖਣ ਨੂੰ ਮਿਲਿਆ। ਇਸ ਦੌਰਾਨ ਕੋਟਸ਼ਮੀਰ ਵਿੱਚ ਵੀ ਦੋ ਵੱਖ-ਵੱਖ ਥਾਵਾਂ ’ਤੇ ਵੱਡੇ ਇਕੱਠ ਰੱਖੇ ਗਏ। ਪਹਿਲਾ ਇਕੱਠ ਬਠਿੰਡਾ-ਮਾਨਸਾ ਰੋਡ ‘ਤੇ ਬਿਜਲੀ ਗਰਿੱਡ ਦੇ ਕੋਲ ਕਰਵਾਇਆ, ਜਦਕਿ ਦੂਜਾ ਇਕੱਠ ਤਲਵੰਡੀ ਵਾਲਾ ਦਰਵਾਜ਼ਾ ਵਾਰਡ-8 ਵਿੱਚ ਰੱਖਿਆ ਗਿਆ, ਜਿੱਥੇ ਲੋਕਾਂ ਨੇ ਭਾਰੀ ਗਿਣਤੀ ’ਚ ਪਹੁੰਚ ਕੇ ਅਕਾਲੀ ਦਲ ਦੇ ਹੱਕ ’ਚ ਹਮਾਇਤ ਜਤਾਈ। ਨਗਰ ਪੰਚਾਇਤ ਕੋਟਸ਼ਮੀਰ ਦੀਆਂ ਚੋਣਾਂ ’ਚ ਅਕਾਲੀ ਦਲ ਨਾਲ ਸਬੰਧਤ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਵਾਰਡਾਂ ਵਿੱਚ ਸਮਰਥਕਾਂ ਦੇ ਵੱਡੇ ਇਕੱਠ ਕੀਤੇ। ਵਾਰਡ-1 ਤੋਂ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ, ਵਾਰਡ ਨੰਬਰ 2 ਤੋਂ ਸੁਖਪਾਲ ਸਿੰਘ ਗ੍ਰੰਥੀ, ਵਾਰਡ-3 ਤੋਂ ਪ੍ਰੀਤੀ ਕੌਰ ਨੂੰਹ ਡਾ. ਗਰਨੈਬ ਸਿੰਘ, ਵਾਰਡ-5 ਤੋਂ ਜਸਵਿੰਦਰ ਕੌਰ ਪਤਨੀ ਗਰਦੀਪ ਸਿੰਘ, ਵਾਰਡ ਨੰਬਰ 6 ਤੋਂ ਪਰਮਜੀਤ ਸਿੰਘ ਪੰਮਾ, ਵਾਰਡ ਨੰਬਰ 7 ਤੋਂ ਮਨਜੀਤ ਕੌਰ ਪਤਨੀ ਸਵਰਨ ਸਿੰਘ ਸਰਨੀ, ਵਾਰਡ ਨੰਬਰ 8 ਤੋਂ ਰਾਮ ਸਿੰਘ, ਵਾਰਡ-9 ਤੋਂ ਜਸਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਮਨਾ ਅਤੇ ਵਾਰਡ ਨੰਬਰ 13 ਤੋਂ ਗੋਬਿੰਦ ਸਿੰਘ ਆਪਣੇ ਹਮਾਇਤੀਆਂ ਸਮੇਤ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਏ।