ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਅਤੇ ਸੇਵਾਮੁਕਤ ਡੀਐੱਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐੱਸਐੱਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਹੈੱਡ ਕਾਂਸਟੇਬਲ ਲਾਭ ਸਿੰਘ ਨੇ ਪਹਿਲਾਂ ਬਤੌਰ ਐੱਸਪੀਓ ਅਤੇ ਬਾਅਦ ’ਚ ਆਈਆਰਬੀ ’ਚ ਸਿਪਾਹੀ ਵਜੋਂ ਭਰਤੀ ਹੋਣ ਸਮੇਂ ਆਪਣੀ ਅਸਲ ਜਨਮ ਤਰੀਕ ਲੁਕੋਈ ਅਤੇ ਫ਼ਰਜ਼ੀ ਦਸਤਾਵੇਜ਼ ਪੇਸ਼ ਕੀਤੇ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਪੁਲਿਸ ’ਚ ਭਰਤੀ ਹੋਣ ਲਈ ਕਥਿਤ ਤੌਰ ’ਤੇ ਜਨਮ ਦੀ ਫ਼ਰਜ਼ੀ ਤਰੀਕ ਅਤੇ ਜਾਅਲੀ ਵਿੱਦਿਅਕ ਯੋਗਤਾ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਇਕ ਸੰਗੀਨ ਮਾਮਲੇ ’ਚ ਬਠਿੰਡਾ ਪੁਲਿਸ ਨੇ ਇਕ ਹੈੱਡ ਕਾਂਸਟੇਬਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਐੱਸਐੱਸਪੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਬਹਾਦਰਗੜ੍ਹ ਪਟਿਆਲਾ ਦੀ ਫਾਸਟ ਕਮਾਂਡੋ ਬਟਾਲੀਅਨ ’ਚ ਤੈਨਾਤ ਹੈੱਡ ਕਾਂਸਟੇਬਲ ਲਾਭ ਸਿੰਘ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਮੁਲਜ਼ਮ ’ਤੇ ਦੋਸ਼ ਹੈ ਕਿ ਉਸ ਨੇ ਆਪਣੀ ਅਸਲ ਜਨਮ ਤਰੀਕ 1967 ਨੂੰ ਨਾ ਦੱਸ ਕੇ ਨੌਕਰੀ ਹਾਸਲ ਕਰਨ ਲਈ ਸਰਕਾਰੀ ਦਸਤਾਵੇਜ਼ਾਂ ’ਚ ਆਪਣਾ ਜਨਮ ਸਾਲ 1974 ਦਰਸਾਇਆ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਅਤੇ ਸੇਵਾਮੁਕਤ ਡੀਐੱਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐੱਸਐੱਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਹੈੱਡ ਕਾਂਸਟੇਬਲ ਲਾਭ ਸਿੰਘ ਨੇ ਪਹਿਲਾਂ ਬਤੌਰ ਐੱਸਪੀਓ ਅਤੇ ਬਾਅਦ ’ਚ ਆਈਆਰਬੀ ’ਚ ਸਿਪਾਹੀ ਵਜੋਂ ਭਰਤੀ ਹੋਣ ਸਮੇਂ ਆਪਣੀ ਅਸਲ ਜਨਮ ਤਰੀਕ ਲੁਕੋਈ ਅਤੇ ਫ਼ਰਜ਼ੀ ਦਸਤਾਵੇਜ਼ ਪੇਸ਼ ਕੀਤੇ। ਸ਼ਿਕਾਇਤ ਅਨੁਸਾਰ ਮੁਲਜ਼ਮ ਦੀ ਅਸਲ ਜਨਮ ਤਰੀਕ 5 ਜੂਨ 1967 ਹੈ, ਜਦਕਿ ਨੌਕਰੀ ਦੇ ਫ਼ਾਇਦੇ ਲੈਣ ਲਈ ਉਸ ਨੇ ਦਸਤਾਵੇਜ਼ਾਂ ’ਚ ਇਸ ਨੂੰ 5 ਮਈ 1974 ਦਿਖਾਇਆ ਹੋਇਆ ਸੀ। ਪੁਲਿਸ ਪੜਤਾਲ ਦੌਰਾਨ ਜਨਮ ਤੇ ਮੌਤ ਰਜਿਸਟਰਾਰ ਬਠਿੰਡਾ ਦੇ ਰਿਕਾਰਡ, ਆਧਾਰ ਕਾਰਡ ਅਤੇ ਵੋਟਰ ਸੂਚੀ ’ਚ ਦਰਜ ਜਨਮ ਤਰੀਕਾਂ ’ਚ ਵੱਡਾ ਫ਼ਰਕ ਦੇਖਣ ਨੂੰ ਮਿਲਿਆ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਮੁਲਜ਼ਮ ਨੇ ਹਲਫ਼ਨਾਮਾ ਦੇ ਕੇ ਸਕੂਲ ਰਿਕਾਰਡ ’ਚ ਬਦਲਾਅ ਕਰਵਾਇਆ ਸੀ।
ਸਰਕਾਰੀ ਸਕੂਲਾਂ ਤੋਂ ਇਕੱਠੇ ਕੀਤੇ ਰਿਕਾਰਡ ਮੁਤਾਬਕ ਮੁਲਜ਼ਮ ਲਾਭ ਸਿੰਘ ਨੇ ਸਾਲ 1980-81 ’ਚ ਪੰਜਵੀਂ ਜਮਾਤ ਪਾਸ ਕੀਤੀ ਸੀ, ਜਦਕਿ ਇਕ ਹੋਰ ਰਿਕਾਰਡ ਮੁਤਾਬਕ ਉਹ ਮਾਰਚ 1992 ’ਚ ਅੱਠਵੀਂ ਪਾਸ ਦਿਖਾਇਆ ਗਿਆ ਹੈ। ਪੁਲਿਸ ਅਨੁਸਾਰ ਲਾਭ ਸਿੰਘ 23 ਦਸੰਬਰ 1992 ਨੂੰ ਬਠਿੰਡਾ ਪੁਲਿਸ ’ਚ ਐੱਸਪੀਓ ਭਰਤੀ ਹੋਇਆ ਸੀ ਅਤੇ ਬਾਅਦ ’ਚ 3 ਫ਼ਰਵਰੀ 2005 ਨੂੰ 6ਵੀਂ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀ) ਲੱਡਾ ਕੋਠੀ, ਸੰਗਰੂਰ ’ਚ ਸਿਪਾਹੀ ਵਜੋਂ ਭਰਤੀ ਹੋਇਆ, ਜਿੱਥੇ ਉਸ ਨੇ ਅੱਠਵੀਂ ਪਾਸ ਦਾ ਸਰਟੀਫਿਕੇਟ ਵਰਤਿਆ ਸੀ। ਐੱਸਪੀ (ਹੈੱਡਕੁਆਰਟਰ) ਦੀ ਜਾਂਚ ਰਿਪੋਰਟ ’ਤੇ ਉਪ ਜ਼ਿਲ੍ਹਾ ਅਟਾਰਨੀ (ਲੀਗਲ) ਬਠਿੰਡਾ ਦੀ ਕਾਨੂੰਨੀ ਰਾਏ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਕਿਉਂਕਿ ਇਹ ਮਾਮਲਾ ਨਵੇਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਦਾ ਹੈ। ਪੁਲਿਸ ਅਨੁਸਾਰ ਲਾਭ ਸਿੰਘ ਖ਼ਿਲਾਫ਼ ਪਹਿਲਾਂ ਵੀ ਸਾਲ 2002 ਅਤੇ 2025 ’ਚ ਦੋ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ, ਜੋ ਅਦਾਲਤ ’ਚ ਵਿਚਾਰ ਅਧੀਨ ਹਨ।