ਦੀਪਕ ਸ਼ਰਮਾ, ਪੱਤਰ ਪ੍ਰੇਰਕ, ਬਠਿੰਡਾ : ਨਜ਼ਦੀਕੀ ਪਿੰਡ ਘੁੱਦਾ ਵਿਖੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਭਰਪੂਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਰਹੂਮ ਦੇ ਪਿਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਕਰਨ ਦੀਆਂ ਧਾਰਾਵਾਂ ਹੇਠ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਭਰਪੂਰ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮੀ 7 ਵਜੇ ਦੇ ਕਰੀਬ ਸੀ ਉਸ ਦਾ ਮੁੰਡਾ ਕੁਝ ਦੇਰ ਬਾਅਦ ਵਾਪਸ ਆਉਣ ਦਾ ਕਹਿ ਕੇ ਘਰੋਂ ਚਲਾ ਗਿਆ ਸੀ। ਉਕਤ ਵਿਅਕਤੀ ਨੇ ਦੱਸਿਆ ਕਿ ਇਕ ਘੰਟਾ ਬੀਤ ਜਾਣ ਤੋਂ ਬਾਅਦ ਜਦ ਗੁਰਪ੍ਰੀਤ ਸਿੰਘ ਵਾਪਸ ਘਰ ਨਾ ਆਇਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ।


ਭਰਪੂਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਛੋਟਾ ਮੁੰਡਾ ਬਲਜਿੰਦਰ ਸਿੰਘ ਜਦ ਗੁਰਪ੍ਰੀਤ ਨੂੰ ਲੱਭਦੇ ਹੋਏ ਘਰ ਤੋਂ ਤਿੰਨ ਕਿਲੋਮੀਟਰ ਦੂਰ ਪਹੁੰਚੇ ਤਾਂ ਉਹ ਗੰਭੀਰ ਜ਼ਖ਼ਮੀ ਹਾਲਤ 'ਚ ਡਿੱਗਿਆ ਪਿਆ ਸੀ। ਮਾਰ ਦੇਣ ਦੀ ਨੀਅਤ ਨਾਲ ਉਸ ਦੇ ਮੂੰਹ ਤੇ ਸਿਰ ’ਤੇ ਵਾਰ ਕੀਤੇ ਗਏ ਸਨ। ਵਾਰਦਾਤ ਦਾ ਪਤਾ ਚਲਦਿਆਂ ਹੀ ਥਾਣਾ ਨੰਦਗੜ੍ਹ ਦੇ ਐੱਸਐੱਚਓ ਰਾਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾ ਘਰ 'ਚ ਪਹੁੰਚਾਇਆ। ਐੱਸਐੱਚਓ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਦੇ ਬਿਆਨ ’ਤੇ ਅਣਪਛਾਤਿਆਂ ਵਿਰੁੱਧ ਪਰਚਾ ਦਰਜ ਕਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਪਿੰਡ ਦੀ ਪੰਚਾਇਤ ਦੀ ਹਾਜ਼ਰੀ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।' ਐੱਸਐੱਚਓ ਨੇ ਕਿਹਾ ਕ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ।

Posted By: Sarabjeet Kaur