ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਬੋਲਣ ਤੇ ਸੁਣਨ ਤੋਂ ਅਸਮਰੱਥ ਯਸ਼ਵੀਰ ਗੋਇਲ ਨੂੰ ਉਸ ਦੀਆਂ ਕੀਤੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਰਾਸ਼ਟਰੀ ਐਵਾਰਡ ਨਾਲ ਵਿਗਿਆਨ ਭਵਨ, ਦਿੱਲੀ 'ਚ ਸਨਮਾਨਿਤ ਕੀਤਾ ਗਿਆ।

ਯਸ਼ਵੀਰ ਐਵਾਰਡ ਹਾਸਲ ਕਰ ਕੇ ਵਿਸ਼ੇਸ਼ ਬੱਚਿਆਂ ਦਾ ਰਾਹ ਦਸੇਰਾ ਬਣ ਗਿਆ ਹੈ। ਯਸ਼ਵੀਰ ਨੂੰ ਐਵਾਰਡ ਮਿਲਣ 'ਤੇ ਜਿੱਥੇ ਉਸ ਦੇ ਮਾਤਾ-ਪਿਤਾ ਖ਼ੁਸ਼ ਹਨ, ਉਥੇ ਹੀ ਬਠਿੰਡਾ 'ਚ ਵੀ ਉਸ ਨੂੰ ਐਵਾਰਡ ਮਿਲਣ ਕਾਰਨ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦਿੱਲੀ ਦੇ ਵਿਗਿਆਨ ਭਵਨ 'ਚ ਮੰਗਲਵਾਰ ਨੂੰ ਯਸ਼ਵੀਰ ਦਾ ਸਨਮਾਨ ਕੀਤਾ ਗਿਆ। ਯਸ਼ਵੀਰ ਦੇ ਪਿਤਾ ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨਰ ਅਤੇ ਮਾਤਾ ਨੀਤੂ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਭਾਵੇਂ ਸੁਣਨ ਤੇ ਬੋਲਣ ਤੋਂ ਅਸਮਰੱਥ ਹੈ, ਪਰ ਉਸ ਦੁਆਰਾ ਕੀਤੀਆਂ ਪ੍ਰਾਪਤੀਆਂ 'ਤੇ ਉਨ੍ਹਾਂ ਨੂੰ ਮਾਣ ਹੈ।

ਉਸ ਨੇ ਵਿੱਦਿਆ, ਸੂਚਨਾ ਤਕਨਾਲੋਜੀ, ਫ਼ੋਟੋਗ੍ਰਾਫ਼ੀ, ਲੇਖਣ, ਖੇਡਾਂ (ਸ਼ਤਰੰਜ ਤੇ ਬੈਡਮਿੰਟਨ) ਤੇ ਡਾਕ ਟਿਕਟਾਂ ਇਕੱਠੀਆਂ ਕਰਨ ਵਿਚ ਔਕੜਾਂ ਦੇ ਬਾਵਜੂਦ ਉਸ ਨੇ ਮਿਹਨਤ ਨਾਲ ਬੁਲੰਦੀਆਂ ਨੂੰ ਛੂਹਿਆ ਹੈ ਅਤੇ ਇਸ ਮਿਹਨਤ ਸਦਕਾ ਹੀ ਅੱਜ ਉਸ ਨੂੰ ਇਹ ਐਵਾਰਡ ਹਾਸਲ ਹੋਇਆ ਹੈ।

ਉਸ ਨੇ ਪੰਜਾਬ ਦਾ ਹੀ ਨਹੀਂ, ਸਗੋਂ ਪੂਰੇ ਭਾਰਤ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਯਸ਼ਵੀਰ ਗੋਇਲ ਇਸੇ ਤਰ੍ਹਾਂ ਲਗਾਤਾਰ ਮਿਹਨਤ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ੇਸ਼ ਬੱਚਿਆਂ ਦੀ ਜੇਕਰ ਹਰ ਜਗ੍ਹਾ ਮਦਦ ਕੀਤੀ ਜਾਵੇ ਤਾਂ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ ਹਨ ਅਤੇ ਉਹ ਵੀ ਸਾਧਾਰਨ ਵਿਅਕਤੀਆਂ ਵਾਂਗ ਜੀਵਣ ਬਤੀਤ ਕਰ ਸਕਦੇ ਹਨ। ਉਨ੍ਹਾਂ ਅਨੁਸਾਰ ਯਸ਼ਵੀਰ ਵੀ ਚਾਹੁੰਦਾ ਹੈ ਕਿ ਉਹ ਵਿਸ਼ੇਸ਼ ਬੱਚਿਆਂ ਦੀ ਮਦਦ ਕਰ ਕੇ ਉਨ੍ਹਾਂ ਲਈ ਕੁਝ ਚੰਗਾ ਕਰੇ।

ਯਸ਼ਵੀਰ ਗੋਇਲ ਦੀਆਂ ਪ੍ਰਾਪਤੀਆਂ

ਯਸ਼ਵੀਰ ਗੋਇਲ ਨੂੰ ਲੋਕਸਭਾ ਚੋਣਾਂ ਦੌਰਾਨ ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਨੇ ਆਪਣਾ ਆਈਕਨ ਚੁਣਿਆ ਸੀ, ਇਸ ਦੌਰਾਨ ਉਸ ਦੁਆਰਾ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਸਾਧਾਰਨ ਵਿੱਦਿਆ ਦੇ ਖੇਤਰ ਵਿਚ ਉਸ ਨੇ ਸੋਨੇ ਦੇ ਦੋ ਤਮਗੇ, ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਅਚੀਵਮੈਂਟ ਐਵਾਰਡ, ਰਾਸ਼ਟਰੀ ਪੱਧਰ 'ਤੇ ਸੋਨੇ ਦਾ ਮੈਡਲ ਅਤੇ ਓਵਰਆਲ ਟਰਾਫ਼ੀ ਵੀ ਹਾਸਲ ਕੀਤੀ। ਇਸ ਦੇ ਇਲਾਵਾ ਉਸ ਨੇ ਖੇਡਾਂ ਦੇ ਖੇਤਰ ਵਿਚ ਸ਼ਤਰੰਜ ਅਤੇ ਬੈਡਮਿੰਟਨ ਵਿਚ ਸੂਬਾ ਪੱਧਰ 'ਤੇ ਕਈ ਸੋਨੇ ਦੇ ਮੈਡਲ, ਚਾਂਦੀ ਅਤੇ ਕਾਂਸੇ ਦੇ ਮੈਡਲ ਹਾਸਲ ਕੀਤੇ। ਇਥੇ ਹੀ ਬੱਸ ਨਹੀਂ, ਯਸ਼ਵੀਰ ਨੇ ਫ਼ੋਟੋਗ੍ਰਾਫ਼ੀ ਦੇ ਖੇਤਰ ਵਿਚ ਵੀ ਸੋਨੇ ਦਾ ਮੈਡਲ ਹਾਸਲ ਕੀਤਾ।

ਯਸ਼ਵੀਰ ਨੂੰ ਦੋ ਵਾਰ ਮਿਲਿਆ ਸਟੇਟ ਐਵਾਰਡ

ਪ੍ਰਾਪਤੀਆਂ ਨੂੰ ਦੇਖਦੇ ਹੋਏ 15 ਅਗਸਤ 2018 ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਯਸ਼ਵੀਰ ਨੂੰ ਸਟੇਟ ਐਵਾਰਡ ਦਿੱਤਾ, ਜਦੋਂਕਿ ਸਟੇਟ ਡਿਸਏਬਿਲਟੀ ਐਵਾਰਡ ਨਾਲ ਵੀ ਉਸ ਨੂੰ ਨਿਵਾਜਿਆ ਗਿਆ। ਕਈ ਦਰਜਨ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਵੀ ਯਸ਼ਵੀਰ ਗੋਇਲ ਨੂੰ ਵੱਖਰੇ-ਵੱਖਰੇ ਇਨਾਮਾਂ ਨਾਲ ਉਸ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਇਸ ਦੇ ਇਲਾਵਾ ਉਸ ਦੇ ਸ਼ੌਂਕਾਂ ਵਿਚ ਸਿੱਕੇ, ਮੋਹਰਾਂ ਇਕੱਠੇ ਕਰਨਾ ਵੀ ਸ਼ਾਮਲ ਹੈ।