ਪੱਤਰ ਪ੍ਰੇਰਕ, ਬਠਿੰਡਾ : ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਵਲੋਂ ਬਣਾਈ ਪੰਚਾਇਤੀ ਜ਼ਮੀਨ ਬਚਾਓ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਅੱਜ ਡਾ ਅੰਬੇਡਕਰ ਤੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਤੱਕ ਮਾਰਚ ਕਰਕੇ ਅੈਲਾਨ ਕੀਤਾ ਕਿ ਕਾਂਗਰਸ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਵੇਚਣ ਦੇ ਫੈਸਲੇ ਨੂੰ ਰੱਦ ਕਰਵਾਉਣ ਅਤੇ ਪਲਾਟਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ।

ਪ੍ਰੈਂਸ ਨੂੰ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਅੱਜ ਮਜ਼ਦੂਰ ਪਹਿਲਾਂ ਅੰਬੇਡਕਰ ਪਾਰਕ ਵਿੱਚ ਇਕੱਠੇ ਹੋਏ ਤੇ ਉਥੋਂ ਖਜ਼ਾਨਾ ਮੰਤਰੀ ਦੀ ਰਿਹਾਇਸ਼ ਤੱਕ ਮਾਰਚ ਕਰਦਿਆਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ । ਕੋਠੀ ਅੱਗੇ ਹੋਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਿਹਾਤੀ ਮਜ਼ਦੂਰ ਯੂਨੀਅਨ ਦੇ ਆਗੂ ਮਿੱਠੂ ਸਿੰਘ ਘੁੱਦਾ , ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਹਰਵਿੰਦਰ ਸਿੰਘ ਸੇਮਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਜਸਵੀਰ ਕੌਰ ਸਰਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਦਯੋਗਿਕ ਵਿਕਾਸ ਦੇ ਨਾਂ ਹੇਠ ਪੰਚਾਇਤੀ ਜ਼ਮੀਨਾਂ ਕੌਡੀਆਂ ਦੇ ਭਾਅ ਦੇਣ ਦਾ ਫੈਸਲਾ ਕਰਕੇ ਮਜਦੂਰਾਂ ਨਾਲ ਜੱਗੋ ਤੇਰਵੀਂ ਕੀਤੀ ਹੈ । ਇਹ ਫੈਸਲਾ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬੁਰੀ ਤਰਾਂ ਪ੍ਰਭਾਵਿਤ ਕਰੇਗਾ । ਉਨਾਂ ਕਿਹਾ ਕਿ ਅੱਜ ਜਦੋਂ ਮਜ਼ਦੂਰ ਪੰਚਾਇਤੀ ਜ਼ਮੀਨਾਂ ਨੂੰ ਠੇਕੇ ਤੇ ਲੈਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਤਾਂ ਉਸ ਸਮੇਂ ਸਰਕਾਰ ਨੇ ਇਹ ਫੈਸਲਾ ਕਰਕੇ ਉਨਾਂ ਦੇ ਇਸ ਰੁਜ਼ਗਾਰ ਨੂੰ ਵੀ ਉਜਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਦੀਆਂ ਕਿੰਨੀਆਂ ਜਮੀਨਾਂ ਵਿਕਾਸ ਦੇ ਨਾਂ ਤੇ ਸਸਤੇ ਭਾਅ ਤੇ ਖਰੀਦ ਲਈਆਂ ਪਰ ਉਥੇ ਕੋਈ ਵੀ ਫੈਕਟਰੀ ਨਹੀਂ ਲਾਈ ਗਈ । ਇਨਾਂ ਜਮੀਨਾਂ ਨੂੰ ਉਦਯੋਗ ਪਤੀਆਂ ਨੇ ਕਲੋਨੀਆਂ ਬਣਾਕੇ ਵੇਚਣ ਕੇ ਮੁਨਾਫੇ ਕਮਾਏ ਰਹੀ ਹੈ। ਬੁਲਾਰਿਆਂ ਨੇ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਉਹ ਚੋਣਾਂ ਵਿੱਚ ਕੀਤੇ ਪਲਾਟ ਦੇਣ ਦੇ ਵਾਅਦੇ ਤੋਂ ਮੁੱਕਰ ਰਹੀ ਹੈ ਜਦੋਂ ਕਿ ਹਜ਼ਾਰਾਂ ਦੀ ਗਿਣਤੀ ਬੇਘਰੇ ਤੇ ਲੋੜਵੰਦ ਪਰਿਵਾਰ ਤੰਗ ਥਾਵਾਂ ਤੇ ਮੁਸਕਲਾਂ ਵਿੱਚ ਦਿਨਕਟੀ ਕਰ ਰਹੇ ਹਨ। ਉਨ੍ਹਾਂ ਸਰਕਾਰ ਦੇ ਮਜਦੂਰਾਂ ਨਾਲ ਕੀਤੇ ਵਿਤਕਰੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਕੱਟੇ ਪਲਾਟਾ ਤੇ ਕਬਜ਼ੇ ਨਹੀਂ ਦਿੱਤੇ ਜਾ ਰਹੇ । ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੰਚਾਇਤੀ ਜਮੀਨਾਂ ਨੂੰ ਵੇਚਣ ਦਾ ਫੈਸਲਾ ਰੱਦ ਕਰਕੇ ਇਸ ਜ਼ਮੀਨ ਵਿੱਚੋਂ ਤੀਜਾ ਹਿੱਸਾ ਦਲਿਤ ਮਜਦੂਰਾਂ ਨੂੰ ਦੇਣਾ ਯਕੀਨੀ ਨਹੀ ਬਣਾਇਆ ਜਾਂਦਾ ਅਤੇ ਲੋੜਵੰਦ ਤੇ ਬੇਘਰੇ ਪਰਿਵਾਰਾਂ ਨੂੰ ਪਲਾਟ ਦੇਣ ਤੇ ਕੱਟੇ ਪਲਾਟਾ ਤੇ ਕਬਜੇ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਜਾਰੀ ਰਹੇਗਾ ।

Posted By: Tejinder Thind