ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪਤੀ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਅਦਾਲਤ ਦੁਆਰਾ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਬਾਅਦ ਉਸਨੇ ਕੇਂਦਰੀ ਜੇਲ੍ਹ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਲਾਂਬਾ ਦੀ ਅਦਾਲਤ ਨੇ ਉਕਤ ਵਿਅਕਤੀ ਅੰਗਰੇਜ਼ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜੀਦਾ ਨੂੰ ਸ਼ੁੱਕਰਵਾਰ ਨੂੰ ਆਪਣੀ ਪਤਨੀ ਸੰਦੀਪ ਕੌਰ ਦਾ ਕਤਲ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਦਾ ਵਿਆਹ ਕਰੀਬ ਨੌਂ ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਲਾਲਿਆਂਵਾਲੀ ਦੀ ਸੰਦੀਪ ਕੌਰ ਨਾਲ ਹੋਇਆ ਸੀ। ਉਕਤ ਵਿਅਕਤੀ ਦੇ ਕਰੀਬ ਸਾਢੇ ਛੇ ਸਾਲ ਦਾ ਲੜਕਾ ਤੇ ਸਾਢੇ ਚਾਰ ਦੀ ਲੜਕੀ ਹੈ। ਉਕਤ ਵਿਅਕਤੀ ਸ਼ਰਾਬ ਪੀਣ ਦਾ ਆਦੀ ਹੋਣ ਕਾਰਨ ਉਸਦੀ ਪਤਨੀ ਸੰਦੀਪ ਕੌਰ ਉਸਨੂੰ ਰੋਕਦੀ ਸੀ ਜਿਸ ਕਾਰਨ ਘਰ ਵਿਚ ਲੜਾਈ ਝਗੜਾ ਰਹਿੰਦਾ ਸੀ। 26 ਜਨਵਰੀ 2019 ਨੂੰ ਅੰਗਰੇਜ਼ ਸਿੰਘ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ।

ਥਾਣਾ ਨੇਹੀਆਂਵਾਲਾ ਪੁਲਿਸ ਨੇ ਉਸੇ ਦਿਨ ਹੀ ਮਿ੍ਤਕ ਸੰਦੀਪ ਕੌਰ ਦੇ ਭਰਾ ਸੁਖਪਾਲ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਚਲਾਨ ਅਦਾਲਤ ਵਿਚ ਪੇਸ਼ ਕੀਤਾ। ਸ਼ੁੱਕਰਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਲਾਂਬਾ ਦੀ ਅਦਾਲਤ ਨੇ ਉਕਤ ਵਿਅਕਤੀ ਅੰਗਰੇਜ਼ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਪੁਲਿਸ ਉਸਨੂੰ ਜੇਲ੍ਹ ਵਿਚ ਛੱਡ ਆਈ। ਸ਼ਨੀਵਾਰ ਸਵੇਰੇ ਉਕਤ ਵਿਅਕਤੀ ਨੇ ਜੇਲ੍ਹ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜੇਲ੍ਹ ਅਧਿਕਾਰੀਆਂ ਨੇ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ। ਇੱਥੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਮਿ੍ਤਕ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Tejinder Thind