ਦੀਪਕ ਸ਼ਰਮਾ, ਬਠਿੰਡਾ : ਸ਼ਰਾਬ ਤਸਕਰਾਂ ਦੀ ਗੱਡੀ ਦਾ ਪਿੱਛਾ ਕਰ ਰਹੇ ਠੇਕੇਦਾਰਾਂ ਦੀ ਗੱਡੀ ਦੇ ਖੱਚਰ ਰੇਹੜੇ ਨਾਲ ਟਕਰਾ ਜਾਣ ਕਾਰਨ ਰੇਹੜੇ ਦਾ ਮਾਲਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਉਕਤ ਵਿਅਕਤੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਸਬੰਧੀ ਥਾਣਾ ਸੰਗਤ ਦੀ ਪੁਲਿਸ ਨੇ ਸ਼ਰਾਬ ਠੇਕੇਦਾਰ ਦੀ ਗੱਡੀ ਤੇ ਤਸਕਰਾਂ ਦੀ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਠੇਕੇਦਾਰ ਦੇ ਡਰਾਈਵਰ ਵਿਸ਼ਾਲ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਪ੍ਰਰਾਪਤ ਜਾਣਕਾਰੀ ਅਨੁਸਾਰ ਸੰਗਤ ਬਲਾਕ ਦੇ ਸ਼ਰਾਬ ਠੇਕੇਦਾਰ ਦੀ ਗੱਡੀ ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਲੈ ਕੇ ਆ ਰਹੀ ਇਕ ਗੱਡੀ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਜਦ ਉਕਤ ਗੱਡੀਆਂ ਪਿੰਡ ਜੱਸੀ ਬਾਗ ਵਾਲੀ ਕੋਲ ਪਹੁੰਚੀਆਂ ਤਾਂ ਸ਼ਰਾਬ ਠੇਕੇਦਾਰਾਂ ਦੀ ਤੇਜ਼ ਰਫ਼ਤਾਰ ਗੱਡੀ ਨੇ ਸਾਹਮਣੇ ਤੋਂ ਆ ਰਹੇ ਇਕ ਖੱਚਰ ਰੇਹੜੇ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਰੇਹੜਾ ਚਾਲਕ ਓਮ ਪ੍ਰਕਾਸ਼ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਸੰਗਤ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਪਰ ਡਾਕਟਰਾਂ ਨੇ ਉਕਤ ਵਿਅਕਤੀ ਦੀ ਗੰਭੀਰ ਹਾਲਤ ਦੇਖਦਿਆਂ ਹੋਇਆ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਰੈਫ਼ਰ ਕਰ ਦਿੱਤਾ । ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਸੰਗਤ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਠੇਕੇਦਾਰਾਂ ਦੀ ਗੱਡੀ ਦੇ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਹਰਿਆਣੇ ਤੋਂ ਸ਼ਰਾਬ ਲੈ ਕੇ ਆ ਰਹੀ ਗੱਡੀ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਪਰ ਸ਼ਰਾਬ ਤਸਕਰ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਏ।