ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਨਸ਼ੇ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਵੱਖ- ਵੱਖ ਜਗ੍ਹਾ ਤੋਂ ਨਸ਼ੇ ਦੀਆਂ ਗੋਲ਼ੀਆਂ, ਸ਼ਰਾਬ ਅਤੇ ਲਾਹਣ ਬਰਾਮਦ ਕਰ ਚਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਵਿਚ ਦੋ ਕਥਿਤ ਦੋਸ਼ੀ ਮੌਕੇ 'ਤੇ ਗਿ੍ਫ਼ਤਾਰ, ਦੋ ਫ਼ਰਾਰ ਹੋ ਗਏ। ਇਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।

ਥਾਣਾ ਸਿਵਲ ਲਾਈਨ ਦੇ ਏਐਸਆਈ ਹਰਿੰਦਰ ਸਿੰਘ ਮੁਤਾਬਕ ਪੁਲਿਸ ਟੀਮ ਨੇ ਗਸ਼ਤ ਦੌਰਾਨ ਸਥਾਨਕ ਅਜੀਤ ਰੋਡ ਬਠਿੰਡਾ ਤੋਂ ਪਿੰਡ ਸ਼ੇਰਗੜ੍ਹ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਕਥਿਤ ਦੋਸ਼ੀ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਥਾਣਾ ਸੰਗਤ ਦੇ ਏਐੱਸਆਈ ਬੂਟਾ ਸਿੰਘ ਦੇ ਮੁਤਾਬਕ ਪੁਲਿਸ ਟੀਮ ਨੇ ਪਿੰਡ ਸੰਗਤ ਕਲਾਂ ਦੇ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਪਿੰਡ ਪੱਕਾ ਕਲਾਂ ਤੋਂ ਕਥਿਤ ਦੋਸ਼ੀ ਅੰਮਿ੍ਤ ਸਿੰਘ ਨੂੰ ਗਿ੍ਫ਼ਤਾਰ ਕਰ 40 ਬੋਤਲ ਹਰਿਆਣਾ ਮਾਰਕਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜਦੋਂਕਿ ਉਨ੍ਹਾ ਦਾ ਦੂਜਾ ਸਾਥੀ ਸੰਤਰਾਮ ਵਾਸੀ ਪਿੰਡ ਪੱਕਾ ਕਲਾਂ ਮੋਟਰਸਾਈਕਲ ਲੈ ਕੇ ਭੱਜਣ ਵਿਚ ਸਫ਼ਲ ਹੋ ਗਿਆ। ਪੁਲਿਸ ਨੇ ਦੋਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਫ਼ਰਾਰ ਕਥਿੱਤ ਦੋਸ਼ੀ ਦੀ ਗਿ੍ਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਇਸ ਦੇ ਇਲਾਵਾ ਬਾਲਿਆਂਵਾਲੀ ਦੇ ਹੋਲਦਾਰ ਕੁਲਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਬਾਲਿਆਂਵਾਲੀ 'ਚ ਛਾਪੇਮਾਰੀ ਕਰ 30 ਲੀਟਰ ਲਾਹਣ ਬਰਾਮਦ ਕੀਤੀ, ਜਦੋਂਕਿ ਕਥਿਤ ਦੋਸ਼ੀ ਸੁਖਪਾਲ ਸਿੰਘ ਵਾਸੀ ਮੰਡੀ ਕਲਾਂ ਪਹਿਲਾਂ ਹੀ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।