ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰ. 31 ਵੱਲੋਂ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਤੇ ਸਤਨਾਮ ਸਿੰਘ ਖਿਆਲਾ ਜ਼ਲਿ੍ਹਾ ਪ੍ਰਧਾਨ ਮਾਨਸਾ ਦੀ ਅਗਵਾਈ ਹੇਠ ਸਥਾਨਕ ਮਿੰਨੀ ਸੈਕਟਰੀਏਟ ਤੀਜੀ ਮੰਜਿਲ ਬਠਿੰਡਾ ਵਿਖੇ ਐੱਸਈ. (ਸੁਪਰਡੈਂਟ ਇੰਜੀਨੀਅਰ) ਜਲ ਵਿਭਾਗ ਦੇ ਦਫਤਰ ਅੱਗੇ ਬੱਚਿਆਂ ਤੇ ਪਰਿਵਾਰ ਸਮੇਤ ਰੋਸ ਧਰਨਾ ਦਿੱਤਾ। ਇਸ ਮੌਕੇ ਸੰਦੀਪ ਖਾਨ ਬਾਲਿਆਂਵਾਲੀ , ਸੂਬਾ ਆਗੂ ਰਾਜ ਸਿੰਘ ਬਰਨ, ਸਤਨਾਮ ਸਿੰਘ ਖਿਆਲਾ ਤੇ ਜਰਨਲ ਸਕੱਤਰ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਚਓਡੀ ਮੋਹਾਲੀ ਵੱਲੋਂ ਵੱਧਦੀ ਮਹਿੰਗਾਈ ਤੇ ਵਰਕਰਾਂ ਦੇ ਕੰਮ ਦੇ ਤਜਰਬੇ ਨੂੰ ਮੱਦੇਨਜ਼ਰ ਰੱਖਦਿਆਂ ਤਨਖਾਹਾਂ ਵਧਾਉਣ ਦਾ ਸਾਰੇ ਕਾਰਜਕਾਰੀ ਇੰਜੀਨੀਅਰਾਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ। ਇਹ ਪੱਤਰ ਸਾਰੇ ਪੰਜਾਬ ਵਿਚ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਜਾਰੀ ਕਰਕੇ ਆਪਣੇ ਵਰਕਰਾਂ ਨੂੰ ਐਚਓਡੀ. ਮੋਹਾਲੀ ਵੱਲੋਂ ਵਧਾਈਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਪਰ ਇੰਜ. ਜਸਵੀਰ ਸਿੰਘ ਐਸਈ. ਬਠਿੰਡਾ ਜੋ ਪਟਿਆਲਾ ਤੋ ਬਦਲ ਕੇ ਆਏ ਹਨ, ਉਹ ਪੱਤਰ ਨੂੰ ਅਣਗੌਲਿਆ ਕਰ ਰਹੇ ਹਨ। ਉਕਤ ਪੱਤਰ ਉਹ ਪਟਿਆਲਾ ਵਿਖੇ ਲਾਗੂ ਕਰਕੇ ਆਪਣੇ ਵਰਕਰਾਂ ਨੂੰ ਵਧੀਆਂ ਤਨਖਾਹਾਂ ਦਿੰਦੇ ਰਹੇ ਹਨ ਪਰ ਬਠਿੰਡਾ ਵਿਖੇ ਅਹੁਦਾ ਸੰਭਾਲਿਆ ਹੀ ਤਨਖਾਹਾਂ ਦਾ ਪੱਤਰ ਲਾਗੂ ਕਰਨ ਤੋਂ ਹੱਥ ਖੜੇ ਕਰ ਗਏ ਹਨ, ਜਿਸ ਦੇ ਵਿਰੋਧ ਵਿਚ ਕੱਚੇ ਠੇਕਾ ਕਾਮਿਆਂ ਵੱਲੋਂ ਬੱਚਿਆਂ ਤੇ ਪਰਿਵਾਰ ਸਮੇਤ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ । ਆਗੂਆਂ ਨੇ ਕਿਹਾ ਕਿ ਜਦੋ ਤਕ ਉਕਤ ਪੱਤਰ ਲਾਗੂ ਨਹੀਂ ਕੀਤਾ ਜਾਂਦਾ ਧਰਨਾ ਜਾਰੀ ਰਹੇਗਾ ਅਤੇ ਅੱਗੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਸਿੰਘ ਬਾਜਕ, ਲਖਵਿੰਦਰ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ ਨੇ ਵਰਕਰਾਂ ਨੂੰ ਸੰਬੋਧਨ ਕੀਤਾ।
ਜਲ ਸਪਲਾਈ ਕੱਚੇ ਕਾਮਿਆਂ ਨੇ ਤਨਖਾਹਾਂ ਲਈ ਪਰਿਵਾਰਾਂ ਸਮੇਤ ਦਿੱਤਾ ਧਰਨਾ
Publish Date:Tue, 28 Jun 2022 07:03 PM (IST)
