ਦਿਲਬਾਗ ਜ਼ਖ਼ਮੀ, ਬੱਲੂਆਣਾ : ਯੂਕੋ ਬੈਂਕ ਬ੍ਾਂਚ ਝੁੰਬਾ ਦੇ ਮੈਨੇਜਰ ਦੇ ਰਵੱਈਏ ਤੋਂ ਤੰਗ ਆਏ ਲੋਕਾਂ ਨੇ ਅੱਜ ਬੈਂਕ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਬੈਂਕ ਦੀ ਮੈਨੇਜਰ ਪੂਜਾ ਰਾਣੀ 'ਤੇ ਬੈਂਕ 'ਚ ਆਉਣ ਵਾਲੇ ਗਾਹਕਾਂ ਨਾਲ ਰੁੱਖੇ ਰੱਵਈਏ ਨਾਲ ਪੇਸ਼ ਆਉਣ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਯੂਕੋ ਬੈਂਕ ਦੇ ਸਾਹਮਣੇ ਧਰਨਾ ਲਾਇਆ ਗਿਆ। ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਝੁੰਬਾ ਨੇ ਦੱਸਿਆ ਕਿ ਪਿੰਡ ਦਾ ਇਕ ਅਨਪੜ੍ਹ ਕਿਸਾਨ ਮੇਜਰ ਸਿੰਘ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਗਿਆ ਤਾਂ ਬੈਂਕ ਮੈਨੇਜਰ ਪੂਜਾ ਰਾਣੀ ਵੱਲੋਂ ਉਸਦੇ ਵਾਊਚਰ ਨੂੰ ਪਾੜ੍ਹ ਕੇ ਸੁੱਟ ਦਿੱਤਾ ਅਤੇ ਸਖ਼ਤ ਰਵੱਈਏ 'ਚ ਕਿਹਾ ਕਿ ਅੱਗੇ ਤੋਂ ਬੈਂਕ 'ਚ ਆਉਣਾ ਹੋਵੇ ਤਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੈਨੇਜਰ ਵੱਲੋਂ ਪਿੰਡ ਦੇ ਹੋਰ ਅਨਪੜ੍ਹ ਲੋਕਾਂ ਨਾਲ ਵੀ ਆਮ ਤੌਰ 'ਤੇ ਇਸੇ ਤਰ੍ਹਾਂ ਦਾ ਰਵੱਈਆ ਵਰਤਿਆ ਜਾਂਦਾ ਹੈ। ਇਸ ਮੌਕੇ ਜਗਸੀਰ ਝੁੰਬਾ, ਦੀਨਾ ਸਿੰਘ ਸਿਵੀਆਂ, ਗੁਰਸੇਵਕ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

=====

ਵਾਊਚਰ ਗ਼ਲਤ ਭਰਿਆ ਹੋਇਆ ਸੀ : ਮੈਨੇਜਰ

ਬੈਂਕ ਮੈਨੇਜਰ ਪੂਜਾ ਰਾਣੀ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਰੱਵਈਆ ਗ਼ਲਤ ਨਹੀਂ ਹੈ ਅਤੇ ਲੰਬੇ ਸਮੇਂ ਤੋਂ ਨੌਕਰੀ ਦੌਰਾਨ ਉਨ੍ਹਾਂ ਨੂੰ ਕਦੇ ਕਿਸੇ ਨੇ ਇੰਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨ ਮੇਜਰ ਸਿੰਘ ਦਾ ਵਾਊਚਰ ਗ਼ਲਤ ਭਰਿਆ ਹੋਇਆ ਸੀ ਜਿਸ ਕਰ ਕੇ ਉਸ ਨੂੰ ਪਾੜ ਕੇ ਨਵਾਂ ਵਾਊਚਰ ਭਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਲਟਾ ਮੇਜਰ ਸਿੰਘ ਵੱਲੋਂ ਹੀ ਉਨ੍ਹਾਂ ਨਾਲ ਬਹਿਸ ਕੀਤੀ ਗਈ।