ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਰਹਿਣ ਵਾਲੀ ਬਠਿੰਡਾ ਪੁਲਿਸ ਦਾ ਇਕ ਹੋਰ ਕਾਰਨਾਮਾ ਵਾਇਰਲ ਹੋਈ ਵੀਡੀਓ ਜ਼ਰੀਏ ਸਾਹਮਣੇ ਆਇਆ ਹੈ। ਥਾਣਾ ਕੋਟਫੱਤਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਫੜੇ ਗਏ ਨੌਜਵਾਨ ਦੀ ਕੁੱਟਮਾਰ ਕਰਨ ਦਾ ਵੀਡੀਓ ਤੇਜ਼ੀ ਨਾਲ ਫੈਲ ਰਿਹਾ ਹੈ। ਵੀਡੀਓ ਵਿਚ ਥਾਣੇ ਦੇ ਮੁਲਾਜ਼ਮ ਨੌਜਵਾਨ ਨੂੰ ਘੜੀਸਦੇ ਹੋਏ ਲੈ ਕੇ ਜਾ ਰਹੇ ਨਜ਼ਰੀਂ ਪੈਂਦੇ ਹਨ ਤੇ ਉਸ ਪਿੱਛੋਂ ਨੌਜਵਾਨ ਦੀ ਕੁੱਟਮਾਰ ਕਰਦੇ ਹਨ।

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਪਿੱਛੋਂ ਥਾਣਾ ਕੋਟ ਫੱਤਾ ਦੀ ਪੁਲਿਸ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ, ਉਥੇ ਵੀਡੀਓ 'ਤੇ ਲੋਕਾਂ ਨੇ ਤਿੱਖੇ ਕੁਮੈਂਟ ਕੱਸੇ ਹਨ। ਇਸ ਤੋਂ ਪਹਿਲਾਂ ਥਾਣਾ ਤਲਵੰਡੀ ਸਾਬੋ ਵਿਚ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਥਾਣੇਦਾਰ ਦੀ ਬਦਲੀ ਕਰ ਦਿੱਤੀ ਗਈ ਸੀ।

ਪੁਲਿਸ ਦਾ ਪੱਖ

ਇਸ ਮਾਮਲੇ ਬਾਰੇ ਥਾਣਾ ਕੋਟਫੱਤਾ ਦੇ ਐਸਐਚਓ ਰਜਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਹੈਪੀ ਜੱਗੀ ਵਾਸੀ ਕੋਟਫੱਤਾ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿਚ ਫੜਿਆ ਹੈ। ਉਹ ਨਸ਼ੇ ਦਾ ਆਦੀ ਹੈ, ਨਸ਼ਾ ਨਾ ਮਿਲਣ ਕਾਰਨ ਹਵਾਲਾਤ ਵਿਚ ਕੰਧ ਨਾਲ ਟੱਕਰ ਮਾਰ ਰਿਹਾ ਸੀ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਸਿਰਫ ਧਮਕਾਇਆ ਹੈ ਨਾ ਕਿ ਕੁੱਟਮਾਰ ਕੀਤੀ ਹੈ। ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ, ਕੁੱਟਮਾਰ ਵਾਲੀ ਕੋਈ ਗੱਲ ਨਹੀਂ ਹੈ।

Posted By: Jagjit Singh