ਮਨਪ੍ਰੀਤ ਸਿੰਘ ਗਿੱਲ, ਬਾਲਿਆਂਵਾਲੀ : ਅੱਜ ਨੇੜਲੇ ਪਿੰਡ ਭੂੰਦੜ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਲਈ 10 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਵੀ ਉਨ੍ਹਾਂ ਨੂੰ ਜੇਤੂ ਐਲਾਨ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਮੌੜ ਹਲਕੇ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾ ਕੇ ਚੋਣ ਕਰਵਾਉਣ ਆਏ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕਰ ਲਿਆ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੁਸਾਇਟੀ ਦੇ ਕੁੱਲ 11 ਮੈਂਬਰ ਚੁਣੇ ਜਾਂਦੇ ਹਨ ਜਦ ਕਿ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ 10 ਮੈਂਬਰਾਂ ਦੇ ਕਾਗਜ਼ ਦਾਖਲ ਕਰਵਾ ਦਿੱਤੇ ਗਏ। ਇਸ ਦੌਰਾਨ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹਰ ਪਾਰਟੀ ਨਾਲ ਸਬੰਧਤ ਉਮੀਦਵਾਰ ਲੈ ਕੇ ਸੁਸਾਇਟੀ ਦੀ ਚੋਣ ਕਰਵਾਉਣ ਵਿਚ ਸਿਆਣਪ ਦਾ ਸਬੂਤ ਦਿੱਤਾ ਪਰ ਫਿਰ ਵੀ ਇਹ ਚੋਣ ਰਾਜਨੀਤੀ ਦੀ ਭੇਂਟ ਚੜ੍ਹ ਹੀ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ 'ਤੇ ਚੋਣ ਵਿਚ ਵਿਘਨ ਪਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਵੇਰੇ 9 ਵਜੇ ਤੋਂ 11 ਵਜੇ ਤਕ ਨਾਮਜ਼ਦਗੀ ਦਾਖਲ ਕਰਨ ਦਾ ਸਮਾਂ ਸੀ ਅਤੇ ਇਸ ਸਮੇਂ ਦੌਰਾਨ 10 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਪਰ 11 ਵਜੇ ਤੋਂ ਬਾਅਦ ਮਾਮਲਾ ਉਸ ਸਮੇਂ ਰਾਜਨੀਤੀ ਦੀ ਭੇਂਟ ਚੜ੍ਹ ਗਿਆ ਜਦੋਂ ਇਸ ਮਹਿਕਮੇ ਵਿਚ ਬਾਲਿਆਂਵਾਲੀ ਵਿਖੇ ਪ੍ਰਾਈਵੇਟ ਤੌਰ ’ਤੇ ਕੰਮ ਕਰਦੇ ਇਕ ਵਿਅਕਤੀ ਰਾਹੀਂ ਥਾਣਾ ਬਾਲਿਆਂਵਾਲੀ ਤੋਂ ਇਕ ਪੱਤਰ ਲਿਆਂਦਾ ਗਿਆ, ਜਿਸ ਵਿਚ ਲਿਖਿਆ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੇਖਦਿਆਂ ਅਤੇ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਨ ਅੱਜ ਇਹ ਚੋਣ ਕੈਂਸਲ ਕਰ ਦਿੱਤੀ ਜਾਵੇ।

ਪਿੰਡ ਵਾਸੀਆਂ ਨੇ ਕਿਹਾ ਕਿ ਜੇ ਚੋਣ ਕੈਂਸਲ ਹੀ ਕਰਨੀ ਸੀ ਤਾਂ ਸਾਡੇ ਤੋਂ ਨਾਮਜ਼ਦਗੀ ਪੱਤਰ ਕਿਉਂ ਭਰਵਾਏ ਗਏ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਪਾਰਟੀਬਾਜ਼ੀ ਦਾ ਕੋਈ ਮਸਲਾ ਵੀ ਨਹੀਂ ਅਤੇ ਜੇ ਸੱਤਾਧਾਰੀ ਧਿਰ ਆਪਣੇ ਮੈਂਬਰ ਬਣਾਉਣਾ ਚਾਹੁੰਦੀ ਹੈ ਤਾਂ ਬਣਵਾ ਲਵੇ ਪਰ ਚੋਣ ਜ਼ਰੂਰ ਕਰਵਾਈ ਜਾਵੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਚੋਣ ਨਾ ਹੋਈ ਤਾਂ ਪਿੰਡ ਦੀ ਸੁਸਾਇਟੀ ਖਤਮ ਕਰਕੇ ਦੁਬਾਰਾ ਮੰਡੀ ਕਲਾਂ ਨਾਲ ਸਾਂਝੀ ਨਾ ਕਰ ਦਿੱਤੀ ਜਾਵੇ।

ਪਿੰਡ ਵਾਸੀਆਂ ਨੇ ਵਿਧਾਇਕ ਮਾਈਸਰਖਾਨਾ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਹ ਚੋਣ ਰੱਦ ਕਰਵਾਉਣ ਲਈ ਅਧਿਕਾਰੀਆਂ ’ਤੇ ਦਬਾਅ ਪਾ ਰਹੇ ਹਨ। ਪਿੰਡ ਦੇ ਆਗੂ ਨਿਰਮਲ ਸਿੰਘ ਤੇ ਹੋਰਾਂ ਨੇ ਕਿਹਾ ਕਿ ਜਿੰਨਾ ਚਿਰ ਚੋਣ ਸਿਰੇ ਨਹੀਂ ਚੜ੍ਹਦੀ, ਉਹ ਅਧਿਕਾਰੀਆਂ ਦਾ ਘਿਰਾਓ ਜਾਰੀ ਰੱਖਣਗੇ। ਥਾਣਾ ਬਾਲਿਆਂਵਾਲੀ ਦੇ ਮੁਖੀ ਕੰਵਲਜੀਤ ਸਿੰਘ ਆਪਣੀ ਫੋਰਸ ਸਮੇਤ ਪਹੁੰਚ ਗਏ ਸਨ। ਦੂਜੇ ਪਾਸੇ ਵਿਧਾਇਕ ਮਾਈਸਰਖਾਨਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

Posted By: Jagjit Singh