ਜੇਐੱਨਐੱਨ, ਬਠਿੰਡਾ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇ ਪਾਕਿ ਸਰਕਾਰ ਕੋਲੋਂ ਦੇਸ਼ ਨਹੀਂ ਸੰਭਲਦਾ ਤਾਂ ਲਹਿੰਦਾ ਪੰਜਾਬ ਭਾਰਤ ਨੂੰ ਸੌਂਪ ਦੇਵੇ। ਅਸੀਂ ਆਪਣੇ ਪੱਧਰ 'ਤੇ ਉਸ ਦਾ ਵਿਕਾਸ ਕਰਾਂਗੇ। ਉਹ ਨਿਰਮਾਣ ਅਧੀਨ ਏਮਜ਼ 'ਚ ਪਹੁੰਚੀ ਸੀ। ਇੱਥੇ ਉਨ੍ਹਾਂ ਨੇ ਬੂਟੇ ਵੀ ਲਾਏ।

ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ 'ਚ ਪ੍ਰਵੇਸ਼ ਲਈ ਲਾਈ ਫੀਸ 'ਤੇ ਉਨ੍ਹਾਂ ਕਿਹਾ ਕਿ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਹੋਰ ਕੀ ਹੋਵੇਗੀ। ਪੰਜਾਬ ਦੇ ਸਿੱਖਾਂ ਤੋਂ ਉਨ੍ਹਾਂ ਦੇ ਗੁਰੂਆਂ ਦੇ ਦਰਸ਼ਨ ਕਰਨ ਲਈ ਪਾਕਿ ਪੈਸੇ ਲੈ ਰਿਹਾ ਹੈ। ਹਰਸਿਮਰਤ ਨੇ ਕਿਹਾ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਇਸ ਸਮੇਂ ਠੀਕ ਨਹੀਂ ਹੈ, ਇਸ ਲਈ ਉਨ੍ਹਾਂ ਨੇ ਫੀਸ ਲਗਾਈ ਹੈ। ਪਾਕਿਸਤਾਨ ਨੇ ਇਹ ਸਾਰਾ ਕੰਮ ਪੈਸੇ ਕਮਾਉਣ ਲਈ ਕੀਤਾ ਹੈ।

ਹਰਸਿਮਰਤ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਨਿਰਮਾਣ ਤੇਜ਼ੀ ਨਾਲ ਪੂਰਾ ਹੋ ਰਿਹਾ ਹੈ। ਜਿਸ ਤਰ੍ਹਾਂ ਮੁੰਬਈ ਤੇ ਦਿੱਲੀ ਏਅਰਪੋਰਟ ਹੈ, ਉਸੇ ਤਰ੍ਹਾਂ ਦਾ ਲਾਂਘਾ ਬਣਾਇਆ ਜਾਵੇਗਾ। ਸੁਲਤਾਨਪੁਰ ਲੋਧੀ ਨੂੰ ਵੀ ਸਮਾਰਟ ਸਿਟੀ ਬਣਾਉਣ ਲਈ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦਾ ਫੰਡ ਜਾਰੀ ਕਰ ਦਿੱਤਾ ਹੈ, ਪਰ ਪੰਜਾਬ ਸਰਕਾਰ ਦੇਰੀ ਕਰ ਰਹੀ ਹੈ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ 'ਤੇ ਐੱਸਜੀਪੀਸੀ ਤੇ ਪੰਜਾਬ ਸਰਕਾਰ ਵੱਲ਼ੋਂ ਵੱਖ-ਵੱਖ ਸਮਾਗਮ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ 'ਚ ਭੇਦਭਾਵ ਪੈਦਾ ਕਰ ਰਹੀ ਹੈ। ਐੱਸਜੀਪੀਸੀ ਸਿੱਖਾਂ ਦੀ ਕਮੇਟੀ ਹੈ, ਜਿਸ ਦੇ ਨਾਲ ਸਰਕਾਰ ਨੂੰ ਮਿਲ ਕੇ ਆਪਣੇ ਸਮਾਗਮ ਕਰ ਚੰਗਾ ਸੰਦੇਸ਼ ਦੇਣਾ ਚਾਹੀਦਾ। ਪਿੰਡ ਹਰਰਾਇਪੁਰ 'ਚ ਪੀਲੀਆ ਕਾਰਨ ਬਿਮਾਰ ਹੋ ਰਹੇ ਲੋਕਾਂ ਬਾਰੇ ਕਿਹਾ ਕਿ ਇਸ ਬਾਰੇ 'ਚ ਪੰਜਾਬ ਸਰਕਾਰ ਨੂੰ ਕਦਮ ਉਠਾਉਣਾ ਚਾਹੀਦਾ। ਉਹ ਇਸ ਦੇ ਬਾਰੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ।

Posted By: Amita Verma