ਬੁੱਧਵਾਰ ਸਵੇਰੇ ਕੇਂਦਰੀ ਜੇਲ੍ਹ ਵਿਚ ਬੰਦ ਦੋ ਹਵਾਲਾਤੀਆਂ ਨੇ ਕੰਧ ਟੱਪ ਕੇ ਭੱਜਣ ਦਾ ਯਤਨ ਕੀਤਾ। ਇਸੇ ਦੌਰਾਨ ਕੰਧ ਤੋਂ ਡਿੱਗਣ ਕਾਰਨ ਇਕ ਹਵਾਲਾਤੀ ਦੀ ਲੱਤ ਟੁੱਟ ਗਈ ਜਦੋਂ ਕਿ ਦੂਜੇ ਦੇ ਸਿਰ 'ਤੇ ਸੱਟ ਲੱਗੀ ਗਈ। ਦੋਵਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਹਵਾਲਾਤੀ ਬੂਟਾ ਸਿੰਘ ਨੂੰ ਲੱਤ ਟੁੱਟਣ ਕਾਰਨ ਦਾਖ਼ਲ ਕਰ ਲਿਆ ਜਦੋਂ ਕਿ ਦੂਜੇ ਹਵਾਲਾਤੀ ਜਗਸੀਰ ਸਿੰਘ ਨੂੰ ਇਲਾਜ ਤੋਂ ਬਾਅਦ ਮੁੜ ਜੇਲ੍ਹ ਭੇਜ ਦਿੱਤਾ। ਦੋਵੇਂ ਹਵਾਲਾਤੀ ਬਠਿੰਡਾ ਦੇ ਰਹਿਣ ਵਾਲੇ ਹਨ। ਬੂਟਾ ਸਿੰਘ ਨਸ਼ਾ ਤਸਕਰੀ ਦੇ ਦੋਸ਼ ਹੇਠ ਤੇ ਜਗਸੀਰ ਸਿੰਘ ਇਰਾਦਾ ਕਤਲ ਦੇ ਕੇਸ ਵਿਚ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਜੇਲ ਪ੍ਰਸ਼ਾਸਨ ਨੂੰ ਇਸ ਘਟਨਾ ਦਾ ਪਤਾ ਬੁੱਧਵਾਰ ਸਵੇਰੇ ਕਰੀਬ ਪੰਜ ਵਜੇ ਲੱਗਾ ਜਦੋਂ ਹਵਾਲਾਤੀਆਂ ਦੀ ਗਿਣਤੀ ਕੀਤੀ ਗਈ ਤਾਂ ਉਕਤ ਦੋਵੇਂ ਹਵਾਲਾਤੀ ਗ਼ਾਇਬ ਪਾਏ ਗਏ ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਦੇ ਹੋਸ਼ ਉੱਡ ਗਏ। ਉਕਤ ਦੋਵੇਂ ਹਵਾਲਾਤੀਆਂ ਨੇ ਲੱਕੜ ਦੀਆਂ ਗਿੱਟੀਆਂ ਵਾਲੀਆਂ ਬੋਰੀਆਂ ਦੇ ਸਹਾਰੇ ਪੱਗ ਦਾ ਰੱਸਾ ਬਣਾ ਕੇ ਕੰਧ 'ਤੇ ਲੱਗੀ ਕੰਡਿਆਲੀ ਤਾਰ ਨਾਲ ਬੰਨ੍ਹ ਲਿਆ ਜਿਸ ਤੋਂ ਬਾਅਦ ਦੋਵਾਂ ਨੇ ਕੰਧ ਨੂੰ ਟੱਪਣ ਦਾ ਯਤਨ ਕੀਤਾ। ਇਸੇ ਦੌਰਾਨ ਦੋਵੇਂ ਡਿੱਗ ਪਏ।

ਸੂਤਰਾਂ ਅਨੁਸਾਰ ਦੋਵੇਂ ਹਵਾਲਾਤੀ ਲੰਬੇ ਸਮੇਂ ਤੋਂ ਜੇਲ੍ਹ ਵਿਚ ਬੰਦ ਹਨ ਜਿਨ੍ਹਾਂ ਦੀਆਂ ਜ਼ਮਾਨਤਾਂ ਨਹੀਂ ਹੋ ਰਹੀਆਂ ਸਨ। ਕੇਸਾਂ ਦਾ ਜਲਦੀ ਨਿਪਟਾਰਾ ਤੇ ਜ਼ਮਾਨਤਾਂ ਨਾ ਹੋਣ ਕਾਰਨ ਦੋਵਾਂ ਹਵਾਲਾਤੀਆਂ ਨੇ ਜੇਲ੍ਹ 'ਚੋਂ ਭੱਜਣ ਦੀ ਸਕੀਮ ਤਿਆਰ ਕੀਤੀ। ਬੁੱਧਵਾਰ ਸਵੇਰੇ ਜਦੋਂ ਹਵਾਲਾਤੀਆਂ ਨੂੰ ਬੈਰਕਾਂ 'ਚੋਂ ਬਾਹਰ ਕੱਢਿਆ ਗਿਆ ਤਾਂ ਉਕਤ ਦੋਵੇ ਹਵਾਲਾਤੀ ਅੱਖ ਬਚਾ ਕੇ ਕੰਧ ਵਾਲੀ ਸਾਈਡ ਚਲੇ ਗਏ ਅਤੇ ਲੱਕੜ ਦੀਆਂ ਗਿੱਟੀਆਂ ਵਾਲੀਆਂ ਬੋਰੀਆਂ ਸਹਾਰੇ ਪੱਗ ਨੂੰ ਕੰਧ 'ਤੇ ਲੱਗੀ ਕੰਡਿਆਲੀ ਤਾਰ ਨਾਲ ਬੰਨ੍ਹ ਕੇ ਕੰਧ ਨੂੰ ਟੱਪਣ ਦਾ ਯਤਨ ਕੀਤਾ ਪਰ ਉਹ ਸਫ਼ਲ ਨਾ ਹੋ ਸਕੇ।

ਡਿਊਟੀ ਵਿਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਜੇਲ ਅਧਿਕਾਰੀਆਂ ਨੇ ਜੇਲ੍ਹ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜੇਲ ਸੁਪਰਡੈਂਟ ਸੁਖਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਜੇਲ ਦੇ ਮੁਲਾਜ਼ਮ ਸੈਸ਼ਨ ਜੱਜ ਤੇ ਸੁਰਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।