ਦੀਪਕ ਸ਼ਰਮਾ, ਬਠਿੰਡਾ : ਪਿੰਡ ਗੁਰੂਸਰ ਸੈਣੇਵਾਲਾ ਕੋਲ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਸੰਗਤ ਦੀ ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਦੁਰਘਟਨਾ ਦਾ ਕਾਰਨ ਬਣੀ ਕਰੇਟਾ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਕਾਰ ਚਾਲਕਾਂ 'ਤੇ ਪਰਚਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਸਾਢੇ 9 ਵਜੇ ਦੇ ਕਰੀਬ ਪਿੰਡ ਗੁਰੂਸਰ ਸੈਣੇਵਾਲਾ ਦੇ ਕੋਲ ਇਕ ਤੇਜ਼ ਰਫ਼ਤਾਰ ਕਰੇਟਾ ਗੱਡੀ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਤੇ ਦੂਸਰੇ ਮੋਟਰਸਾਈਕਲ 'ਤੇ ਸਵਾਰ ਜੀਜਾ-ਸਾਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਵਰਕਰਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ, ਜਿੱਥੇ ਇਲਾਜ ਗੰਭੀਰ ਜ਼ਖਮੀ ਗੋਲੋ ਦੇਵੀ ਵਾਸੀ ਬੀੜ ਤਲਾਬ ਬਸਤੀ ਅਤੇ ਸੰਜੇ ਕੁਮਾਰ ਵਾਸੀ ਵਰਧਮਾਨ ਕਲੋਨੀ ਦੀ ਮੌਤ ਹੋ ਗਈ ਤੇ ਮਿ੍ਤਕ ਗੋਲੋ ਦੇਵੀ ਦੇ ਪਤੀ ਸੁਭਾਸ਼ ਕੁਮਾਰ ਤੇ ਮਿ੍ਤਕ ਸੰਜੇ ਦੇ ਰਿਸ਼ਤੇਦਾਰ ਸੁਰਿੰਦਰ ਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਸਬੰਧੀ ਥਾਣਾ ਸੰਗਤ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਰੇਟਾ ਗੱਡੀ ਦੇ ਸਵਾਰ ਵਿਅਕਤੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਲਈ ਗੱਡੀ ਨੂੰ ਕਬਜ਼ੇ 'ਚ ਲੈ ਕੇ ਉਸ ਵਿਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਗੋਲੋ ਦੇਵੀ ਤੇ ਉਸ ਦਾ ਪਤੀ ਸੜਕ ਦੇ ਕਿਨਾਰੇ ਖੜ੍ਹੇ ਸਨ। ਇਸੇ ਤਰ੍ਹਾਂ ਹੀ ਸੰਜੇ ਤੇ ਉਸ ਦਾ ਸਾਥੀ ਸੁਰਿੰਦਰ ਕੁਮਾਰ ਮੋਟਰਸਾਈਕਲ 'ਤੇ ਜਾ ਰਹੇ ਸਨ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਰੇਟਾ ਗੱਡੀ ਆਈ, ਜਿਸ ਨੇ ਦੋਵੇਂ ਮੋਟਰਸਾਈਕਲ ਸਵਾਰਾਂ 'ਚ ਸਿੱਧੀ ਟੱਕਰ ਮਾਰ ਦਿੱਤੀ।

ਸਾਰੇ ਹਾਦਸੇ ਦੇ ਸ਼ਿਕਾਰ ਸਨ ਗ਼ਰੀਬ ਘਰਾਂ 'ਚੋਂ

ਪਿੰਡ ਗੁਰੂਸਰ ਸੈਣੇਵਾਲਾ ਵਿਖੇ ਵਾਪਰੇ ਸੜਕ ਹਾਦਸੇ ਦਾ ਸ਼ਿਕਾਰ ਚਾਰੇ ਵਿਅਕਤੀ ਗ਼ਰੀਬ ਘਰਾਂ ਨਾਲ ਸਬੰਧਿਤ ਹਨ। ਮਿ੍ਤਕਾ ਗੋਲੋ ਦੇਵੀ ਪਿੰਡ ਸੈਣੇਵਾਲਾ ਵਿਖੇ ਸਥਿਤ ਇਕ ਸ਼ੈਲਰ ਵਿਚ ਕੰਮ ਕਰਦੀ ਸੀ, ਜਿਸ ਨੂੰ ਉਸ ਦਾ ਪਤੀ ਸੁਭਾਸ਼ ਉਸ ਨੂੰ ਸ਼ੈਲਰ ਵਿਚ ਛੱਡਣ ਜਾ ਰਿਹਾ ਸੀ। ਇਸੇ ਤਰ੍ਹਾਂ ਸੰਜੇ ਕੁਮਾਰ ਤੇ ਉਸ ਦਾ ਰਿਸ਼ਤੇਦਾਰ ਸੁਰਿੰਦਰ ਕੁਮਾਰ ਕੰਮ ਦੀ ਤਲਾਸ਼ ਵਿਚ ਨਿਕਲੇ ਸਨ ਪਰ ਹਾਦਸੇ ਦਾ ਸ਼ਿਕਾਰ ਹੋ ਗਏ।