ਦੀਪਕ ਸ਼ਰਮਾ,ਬਠਿੰਡਾ : ਜ਼ਿਲ੍ਹੇ 'ਚ ਵਾਪਰੇ ਦੋ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਅੌਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਇਸ ਸਬੰਧੀ ਪੁਲਿਸ ਨੇ ਪੀੜਤ ਪਰਿਵਾਰਾਂ ਦੇ ਬਿਆਨ 'ਤੇ ਵੱਖ ਵੱਖ ਵਾਹਨਾਂ ਦੇ ਚਾਲਕਾਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਨੇਹੀਆਂਵਾਲਾ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਵਪ੍ਰਰੀਤ ਸਿੰਘ ਵਾਸੀ ਪਿੰਡ ਲੂਲਬਾਈ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਭਰਾ ਗੁਰਪ੍ਰਰੀਤ ਸਿੰਘ ਟ੍ਰੈਕਟਰ 'ਤੇ ਪਿੰਡ ਜੀਦਾ ਕੋਲ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਟੈਂਕਰ ਨੇ ਟ੍ਰੈਕਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਰਪ੍ਰਰੀਤ ਸਿੰਘ ਦੀ ਮੌਤ ਹੋ ਗਈ ਅਤੇ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਵਪ੍ਰਰੀਤ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਟੈਂਕਰ ਚਾਲਕ ਖਿਲਾਫ਼ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

--------

ਟਰੱਕ ਦੀ ਲਪੇਟ ਵਿਚ ਆ ਕੇ ਪਤੀ ਦੀ ਮੌਤ, ਪਤਨੀ ਜ਼ਖਮੀ

ਸ਼ੁਕਰਵਾਰ ਸਵੇਰੇ ਸਥਾਨਕ ਡੱਬਵਾਲੀ ਰੋਡ ਸਥਿਤ ਪਿੰਡ ਜੋਧਪੁਰ ਰੋਮਾਣਾ ਕੋਲ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆ ਕੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਅੌਰਤ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਤੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਮੁਰਦਾਘਰ ਵਿਚ ਪਹੁੰਚਾਇਆ। ਜਾਣਕਾਰੀ ਮੁਤਾਬਕ ਡੱਬਵਾਲੀ ਦੇ ਪਿੰਡ ਹੈਬੂਆਣਾ ਦਾ ਰਣਧੀਰ ਸਿੰਘ ਆਪਣੀ ਪਤਨੀ ਮਨਜੀਤ ਕੌਰ ਨਾਲ ਬਠਿੰਡਾ ਵਿਖੇ ਦਵਾਈ ਲੈਣ ਆ ਰਿਹਾ ਸੀ। ਜਦ ਉਹ ਪਿੰਡ ਪਥਰਾਲਾ ਕੋਲ ਪਹੁੰਚਿਆ ਤਾਂ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰਣਧੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਇਸ ਸਬੰਧੀ ਏਮਜ ਹਸਪਤਾਲ ਪੁਲਿਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।